ਰਾਜਪੁਰਾ ਦੇ ਅੱਠ ਪਿੰਡਾਂ ਨੂੰ ਮੁਹਾਲੀ ’ਚ ਪਾਉਣ ’ਤੇ ਇਤਰਾਜ਼
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 3 ਅਪਰੈਲ
ਸੂਬਾ ਸਰਕਾਰ ਵੱਲੋਂ ਹਲਕਾ ਰਾਜਪੁਰਾ ਜ਼ਿਲ੍ਹਾ ਪਟਿਆਲ਼ਾ ਵਿਚ ਪੈਂਦੇ ਅੱਠ ਪਿੰਡਾਂ ਮਾਣਕਪੁਰ, ਗੱਜੂ ਖੇੜਾ,ਚੰਗੇਰਾ ਹਰਦਿਤਪੁਰਾ, ਲੈਹਲਾ, ਉੱਚਾ ਖੇੜਾ, ਉਰਨਾ ਅਤੇ ਹਦਾਇਤਪੁਰਾਂ ਆਦਿ ਨੂੰ ਜ਼ਿਲ੍ਹਾ ਪਟਿਆਲ਼ਾ ਵਿੱਚੋਂ ਕੱਢ ਕੇ ਜ਼ਿਲ੍ਹਾ ਮੁਹਾਲੀ ਵਿੱਚ ਰਲ਼ਾਉਣ ਦੀ ਤਜਵੀਜ਼ ’ਤੇ ਬਾਰ ਕੌਂਸਲ ਰਾਜਪੁਰਾ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਅਤੇ ਐੱਸਡੀਐੱਮ ਅਵਿਕੇਸ਼ ਗੁਪਤਾ ਨੂੰ ਇਕ ਮੰਗ ਪੱਤਰ ਸੌਂਪਿਆ ਹੈ ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਸਰਕਾਰ ਦੀ ਉਕਤ ਕਾਰਵਾਈ ਨਾਲ ਤਹਿਸੀਲ ਰਾਜਪੁਰਾ ਵਿੱਚ ਵਕੀਲ ਭਾਈਚਾਰੇ ਅਤੇ ਕਚਹਿਰੀਆਂ ਵਿੱਚ ਰੋਜ਼ਮਰ੍ਹਾ ਕੰਮਕਾਰ ’ਤੇ ਸਿੱਧਾ ਅਸਰ ਪਵੇਗਾ। ਇਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋਵੇਗਾ। ਵਕੀਲ ਭਾਈਚਾਰੇ ਵੱਲੋਂ ਮੰਗ ਪੱਤਰ ਵਿੱਚ ਰਾਜਪੁਰਾ ਦੇ ਅੱਠ ਪਿੰਡਾਂ ਨੂੰ ਮੁਹਾਲੀ ਵਿੱਚ ਪਾਉਣ ਦੀ ਬਜਾਏ ਰਾਜਪੁਰਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ’ਤੇ ਜ਼ੋਰ ਦਿੱਤਾ। ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦੀ ਮੰਗ ਨੂੰ ਜਲਦ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੱਕ ਪਹੁੰਚਾਇਆ ਜਾਵੇਗਾ। ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਰਾਜਪੁਰਾ ਨੂੰ ਜ਼ਿਲ੍ਹਾ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ ਪਰ ਕੁਝ ਕਾਰਨਾਂ ਕਰਕੇ ਹਾਲੇ ਇਹ ਸਾਰਾ ਮਾਮਲਾ ਵਿਚਾਰ ਅਧੀਨ ਹੈ। ਇਸ ਮੌਕੇ ਐਡਵੋਕੇਟ ਬਲਵਿੰਦਰ ਸਿੰਘ ਚਹਿਲ, ਐਡਵੋਕੇਟ ਕ੍ਰਿਸ਼ਨ ਸਿੰਘ, ਐਡਵੋਕੇਟ ਸੁੱਚਾ ਸਿੰਘ ਰਾਠੌਰ,ਐਡਵੋਕੇਟ ਇਕਬਾਲ ਸਿੰਘ, ਅਭਿਨਵ ਓਬਰਾਏ, ਐਡਵੋਕੇਟ ਸੰਜੇ ਬੱਗਾ, ਐਡਵੋਕੇਟ ਕੁਲਬੀਰ, ਐਡਵੋਕੇਟ ਮਨਦੀਪ ਸਿੰਘ ਸਰਵਾਰਾ ਅਤੇ ਬਾਰ ਕੌਂਸਲ ਰਾਜਪੁਰਾ ਦੇ ਸਮੂਹ ਅਹੁਦੇਦਾਰ ਤੇ ਹੋਰ ਵਕੀਲ ਮੌਜੂਦ ਸਨ।