ਕੂੜਾ ਡੰਪ ਦੀ ਅੱਗ ਬੁਝਾਉਣ ’ਚ ਨਿਗਮ ਨਾਕਾਮ: ਜੈਇੰਦਰ
ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਪਰੈਲ
ਇੱਥੇ ਸਨੌਰ ਰੋਡ ਸਥਿਤ 55 ਸਾਲ ਪੁਰਾਣਾ ਕੂੜਾ ਡੰਪ ਸ਼ਹਿਰ ਦੀਆਂ ਵੱਡੀਆਂ ਸਮੱਸਿਆਵਾਂ ’ਚੋਂ ਇੱਕ ਹੈ। ਇਸ ਸਬੰਧੀ ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣ ਕੇ ਇਸ ਸਮੱਸਿਆ ਦਾ ਹੱਲ ਕਰਦਿਆਂ 6.80 ਕਰੋੜ ਨਾਲ ਰਿਮੇਡੀਏਸ਼ਨ ਪਲਾਂਟ ਲਗਾਇਆ ਸੀ। ਕੂੜੇ ਨੂੰ ਫਿਲਟਰ ਕਰਕੇ ਖਾਦ ਖੇਤਾਂ ਵਿੱਚ ਭੇਜੀ ਗਈ ਅਤੇ ਬਾਕੀ ਬਚਿਆ ਕੂੜਾ ਸੀਮਿੰਟ ਅਤੇ ਹੋਰ ਫੈਕਟਰੀਆਂ ਵਿੱਚ ਭੇਜਿਆ ਗਿਆ। ਸਾਢੇ ਛੇ ਏਕੜ ਵਿੱਚ ਫੈਲੇ ਹਜ਼ਾਰਾਂ ਟਨ ਕੂੜੇ ਦਾ ਨਿਪਟਾਰਾ ਕੀਤਾ ਗਿਆ। ਇਸ ਮਗਰੋਂ ਕੰਪਨੀ ਦਾ ਕਾਰਪੋਰੇਸ਼ਨ ਨਾਲ ਸਮਝੌਤਾ 2022 ਦੇ ਅੱਧ ਵਿੱਚ ਖਤਮ ਹੋ ਗਿਆ ਸੀ ਇਸ ਲਈ ਸਰਕਾਰੀ ਸਹਾਇਤਾ ਤੋਂ ਬਿਨਾਂ ਨਿਗਮ ਇਹ ਪਲਾਂਟ ਚਲਾਉਣ ਵਿੱਚ ਅਸਮਰੱਥ ਰਿਹਾ। ਇੱਥੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਪਲਾਂਟ ਨੂੰ ਚਲਾਉਣ ਲਈ ਨਿਗਮ ਕੋਲ ਇਸ ਵੇਲੇ 3.5 ਕਰੋੜ ਤੋਂ ਵੱਧ ਦੀ ਮਸ਼ੀਨਰੀ ਹੈ, ਜੋ ਕਬਾੜ ਬਣ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਨਿਗਮ ਸ਼ਾਸਨ ਤਾਂ ਇਸ ਡੰਪ ਨੂੰ ਲੱਗੀ ਅੱੱਗ ਵੀ ਨਹੀਂ ਬੁਝਾਅ ਸਕਿਆ। ਧੂੰਏਂ ਕਾਰਨ, ਰੰਗੇ ਸ਼ਾਹ ਕਲੋਨੀ, ਤੇਜ ਬਾਗ ਕਲੋਨੀ, ਮਾਰਕਲ ਕਲੋਨੀ, ਸ਼ੀਸ਼ ਮਹਿਲ ਕਲੋਨੀ, ਸੱਤਿਆ ਐਨਕਲੇਵ, ਗੋਪਾਲ ਕਲੋਨੀ, ਛੋਟਾ ਅਤੇ ਬੜਾ ਅਰਾਈਂਮਾਜਰਾ, ਜਗਦੀਸ਼ ਕਲੋਨੀ, ਸਨੋਰੀ ਅੱਡਾ ਤੇ ਟੇਹਾ ਬਸਤੀ, ਢਿੱਲੋਂ ਕਲੋਨੀ ਆਦਿ ਖੇਤਰਾਂ ਵਿੱਚ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਪੱਤਰ ਭੇਜ ਕੇ ਐੱਨਜੀਟੀ ਨੂੰ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਹੈ।