ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਯਤਨ ਜਾਰੀ: ਗੋਇਲ
ਕਰਮਵੀਰ ਸਿੰਘ ਸੈਣੀ
ਮੂਨਕ, 16 ਅਪਰੈਲ
ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ 9 ਸਰਕਾਰੀ ਸਕੂਲਾਂ ਵਿੱਚ 1.41 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਲੋਕ ਅਰਪਿਤ ਕਰਨ ਮੌਕੇ ਕੀਤਾ ਗਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਿੱਖਿਆ ਨੂੰ ਸਰਬੋਤਮ ਬਣਾਉਣ ਦੇ ਹਰ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਵਿਦਿਆਰਥੀਆਂ ਦਾ ਮਨੋਬਲ ਉੱਚਾ ਹੋ ਰਿਹਾ ਹੈ ਅਤੇ ਮਾਪਿਆਂ ਨੂੰ ਵੀ ਤਸੱਲੀ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਸਰਕਾਰੀ ਸਕੂਲਾਂ ’ਤੇ ਭਰੋਸਾ ਰੱਖਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਮਹਾਨ ਆਗੂ ਦੇ ਸਫ਼ਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਸੁਰਜੀਤ ਕਰਨ ਲਈ ਠੋਸ ਯਤਨ ਕਰ ਰਹੀ ਹੈ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਵਿਧਾਇਕਾ ਨੀਨਾ ਮਿੱਤਲ ਨੇ ਅੱਜ ਰਾਜਪੁਰਾ ਅਧੀਨ ਪੈਂਦੇ ਪਿੰਡਾਂ ਧਮੋਲੀ, ਦੇਵੀਨਗਰ ਅਤੇ ਦਮਨਹੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਧਮੋਲੀ ਵਿੱਚ ਤਿਆਰ ਹੋਏ ਨਵੇਂ ਸਮਾਰਟ ਕਲਾਸ-ਰੂਮ ਸਮੇਤ ਲਗਪਗ 15 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਵਿੱਚ ਵੱਧ ਤੋਂ ਵੱਧ ਦਾਖ਼ਲਾ ਕਰਵਾਉਣ ਦੀ ਵੀ ਅਪੀਲ ਕੀਤੀ। ਇਸ ਦੇ ਨਾਲ ਹੀ ਨੀਨਾ ਮਿੱਤਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਦਮਨਹੇੜੀ ਵਿੱਚ ਬਲਵਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਏ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ। ਦਮਨਹੇੜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ ਨੇ ਸੈਂਟਰ ਹੈੱਡ ਟੀਚਰ ਰੇਨੂੰ ਰਹੇਜਾ ਦੀ ਅਗਵਾਈ ਹੇਠ ਵਿਦਿਅਕ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨਾਲ ਵਿਜੇ ਕੁਮਾਰ ਮੈਨਰੋ ਸਿੱਖਿਆ ਕੋਆਰਡੀਨੇਟਰ ਤੇ ਮਾਸਟਰ ਟਰੇਨਰ ਮਾਲਵਾ ਜ਼ੋਨ, ਬੀਪੀਈਓ ਬਲਵਿੰਦਰ ਕੁਮਾਰ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ, ਬਲਾਕ ਮੀਡੀਆ ਕੋਆਰਡੀਨੇਟਰ ਮੇਜਰ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਆਦਿ ਹਾਜ਼ਰ ਸਨ।
ਸੰਦੌੜ (ਮੁਕੰਦ ਸਿੰਘ ਚੀਮਾ): ਵਿਧਾਇਕ ਮਾਲੇਰਕੋਟਲਾ ਡਾ. ਜਮੀਲ-ਉਰ-ਰਹਿਮਾਨ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਮਾਲੇਰਕੋਟਲਾ ਹਲਕੇ ਦੇ 5 ਸਰਕਾਰੀ ਸਕੂਲਾਂ ’ਚ 49 ਲੱਖ 31 ਹਜ਼ਾਰ ਰੁਪਏ ਦੀ ਲਾਗਤ ਨਾਲ ਕਰਵਾਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਫਰਿਆਲ ਰਹਿਮਾਨ ਵੀ ਮੌਜੂਦ ਸਨ। ਉਨ੍ਹਾਂ ਅੱਜ ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ ਕਲਿਆਣ, ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੁਰਦ ਵਿੱਚ ਨਵੇਂ ਕਲਾਸ ਰੂਮ, ਚਾਰਦੀਵਾਰੀ, ਖੇਡ ਮੈਦਾਨ, ਕਮਰਿਆਂ ਦਾ ਨਵੀਂਨੀਕਰਨ ਸਮੇਤ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਪੀਐੱਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿੱਚ ਪ੍ਰਿੰਸੀਪਲ ਸੁਧੀਰ ਕੁਮਾਰ ਦੀ ਅਗਵਾਈ ਹੇਠ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਵੱਲੋਂ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸੁਧੀਰ ਕੁਮਾਰ ਨੇ ਦੱਸਿਆ ਕਿ ਪੰਜਾਬ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਤਹਿਤ ਸਕੂਲ ਨੂੰ ਆਰਟ ਐਂਡ ਕ੍ਰਾਫਟ ਰੂਮ ਅਤੇ ਇੱਕ ਵਾਧੂ ਕਲਾਸ ਰੂਮ ਦੀ ਉਸਾਰੀ ਲਈ ਗਰਾਂਟ ਪ੍ਰਾਪਤ ਹੋਈ ਸੀ ਜਿਸ ਦੀ ਉਸਾਰੀ ਮੁਕੰਮਲ ਹੋਣ ਤੋਂ ਬਾਅਦ ਇਨ੍ਹਾਂ ਦਾ ਉਦਘਾਟਨ ਕੀਤਾ ਗਿਆ।