ਮਹਾਰਾਣਾ ਪ੍ਰਤਾਪ ਬਾਰੇ ਭਾਸ਼ਣ
ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿੱਚ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ’ਚ ਸਥਾਪਤ ਮਹਰਾਣਾ ਪ੍ਰਤਾਪ ਚੇਅਰ ਵੱਲੋਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਰਾਜਸਥਾਨੀ ਅਤੇ ਫ਼ਾਰਸੀ ਸਰੋਤਾਂ ਵਿੱਚ ਮਹਾਰਾਣਾ ਪ੍ਰਤਾਪ ਦਾ ਚਿਤਰਣ ਬਾਰੇ ਇਹ ਭਾਸ਼ਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੇ ਸਾਬਕਾ ਪ੍ਰੋਫ਼ੈਸਰ ਡਾ. ਦਿਲਬਾਗ ਸਿੰਘ ਵੱਲੋਂ ਦਿੱਤਾ ਗਿਆ। ਉਨ੍ਹਾਂ ਵੱਖ-ਵੱਖ ਸਰੋਤਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਮਹਾਰਾਣਾ ਪ੍ਰਤਾਪ ਨਾਲ ਸਬੰਧਤ ਇਤਿਹਾਸ ਦੇ ਪਹਿਲੂਆਂ ਬਾਰੇ ਚਾਨਣਾ ਪਾਇਆ। ਚੇਅਰ ਮੁਖੀ ਪ੍ਰੋ. ਦਲਜੀਤ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਦੱਸਿਆ ਕਿ ਰਾਜਪੂਤ ਸਿੱਖਾਂ ਦੇ ਨੇੜਲੇ ਗੁਆਂਢੀ ਸਨ ਅਤੇ ਉਹ ਅਕਸਰ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਸਨ। ਉਨ੍ਹਾਂ ਕਿਹਾ ਕਿ ਪਰ ਉਨ੍ਹਾਂ ਦੇ ਸਬੰਧਾਂ ਬਾਰੇ ਜਾਣਕਾਰੀ ਬਹੁਤ ਘੱਟ ਪ੍ਰਾਪਤ ਹੁੰਦੀ ਹੈ ਕੁਝ ਰਾਜਪੂਤ ਰਾਜੇ, ਸਿੱਖ ਗੁਰੂਆਂ ਦੇ ਸ਼ਰਧਾਲੂ ਵੀ ਸਨ। ਡੀਨ ਸੋਸ਼ਲ ਸਾਇੰਸਜ਼ ਡਾ. ਡੀ. ਪੀ. ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅਕਾਦਮਿਕ ਜਗਤ ਵਿੱਚ ਚਿੰਤਕਾਂ ਦਾ ਆਪਣੇ ਵਿਸ਼ੇ ਪ੍ਰਤੀ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਕਾਦਮੀਸ਼ਨਾਂ ਨੂੰ ਜਾਤ, ਧਰਮ, ਖੇਤਰ ਜਾਂ ਕਿਸੇ ਵੀ ਕਿਸਮ ਦੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ ਆਪਣਾ ਕਾਰਜ ਕਰਨਾ ਚਾਹੀਦਾ ਹੈ। ਅੰਤ ਵਿੱਚ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਸੰਦੀਪ ਕੌਰ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।