ਵਿਦਿਆਰਥੀ ਜਥੇਬੰਦੀਆਂ ਵੱਲੋਂ ਡੀਨ ਅਕਾਦਮਿਕ ਮਾਮਲੇ ਨਾਲ ਮੁਲਾਕਾਤ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਮਈ
ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਡੀਨ ਅਕਾਦਮਿਕ ਮਾਮਲੇ ਨਾਲ ਮੁਲਾਕਾਤ ਕਰਕੇ ਕੈਂਪਸ ਵਿੱਚ ਬੁਨਿਆਦੀ ਸਿਹਤ ਸਹੂਲਤਾਂ ਲਈ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਕੈਂਪਸ ਵਿੱਚ ਮੌਜੂਦ ਡਿਸਪੈਂਸਰੀ ਵਿੱਚ ਐਮਰਜੈਂਸੀ ਵਾਰਡ ਬਣਾਉਣ, ਹੋਸਟਲਾਂ ਦਾ ਪੱਕਾ ਸਮਾਂ, ਹੋਸਟਲਾਂ ਦੇ ਰੀਡਿੰਗ ਹਾਲ ਦਾ ਆਧੁਨਿਕੀਕਰਨ, ਹੋਸਟਲਾਂ ਵਿੱਚ ਮੁਢਲੀ ਸਹਾਇਤਾ ਕਿੱਟ ਦਾ ਪ੍ਰਬੰਧ ਕਰਨ, ਯੂਨੀਵਰਸਿਟੀ ਵਿੱਚ ਸੁਰੱਖਿਆ ਪ੍ਰਬੰਧਨ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਪੂਰਨ ਅਧਿਕਾਰ ਅਤੇ ਕੈਂਪਸ ਵਿੱਚ ਸਹੂਲਤ ਲਈ ਹੈਲਪਲਾਈਨ ਨੰਬਰ ਜਾਰੀ ਕਰਨ ਸਬੰਧੀ ਮੰਗਾਂ ’ਤੇ ਗੱਲਬਾਤ ਕੀਤੀ। ਇਸ ਮੌਕੇ ਵਿਦਿਆਰਥੀ ਜਥੇਬੰਦੀ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਆਰਗੇਨਾਈਜ਼ੇਸ਼ਨ ਇੰਡੀਆ, ਪੀਯੂਐੱਸਯੂ ਅਤੇ ਐੱਸਏਪੀ ਆਦਿ ਨਾਲ ਸਬੰਧਤ ਵਿਦਿਆਰਥੀ ਮੌਜੂਦ ਸਨ। ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਦੇ ਸਾਲਾਨਾ ਬਜਟ ਦਾ 2 ਕਰੋੜ ਰੁਪਏ ਭਾਈ ਘਨ੍ਹੱਈਆ ਡਿਸਪੈਂਸਰੀ ਦੇ ਅਧਿਕਾਰੀਆਂ ਦੀਆਂ ਤਨਖਾਹਾਂ ਲਈ ਰਾਖਵਾਂ ਰੱਖਿਆ ਜਾਂਦਾ ਹੈ ਪਰ ਕੈਂਪਸ ਵਿੱਚ ਇੱਕ ਸਮੇਂ ਪੰਜ ਤੋਂ ਸੱਤ ਹਜ਼ਾਰ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਰਹਿੰਦੇ ਹੋਣ ਦੇ ਬਾਵਜੂਦ ਡਿਸਪੈਂਸਰੀ ਦੀਆਂ ਬੁਨਿਆਦੀ ਸਹੂਲਤਾਂ ਲਈ ਇੱਕ ਰੁਪਈਆ ਵੀ ਰਾਖਵਾਂ ਨਹੀਂ ਰੱਖਿਆ ਜਾਂਦਾ। ਜਥੇਬੰਦੀਆਂ ਦੇ ਆਗੂਆਂ ਨੇ ਡੀਨ ਅਕਾਦਮਿਕ ਨੂੰ 7 ਮਈ ਤੱਕ ਦਾ ਮੰਗਾਂ ਲਾਗੂ ਕਰਨ ਸਬੰਧੀ ਦਿੱਤਾ ਹੈ।