ਮੀਡੀਆ ਕਲੱਬ ਵੱਲੋਂ ਪ੍ਰੈੱਸ ਦਿਵਸ ’ਤੇ ਵਿਚਾਰ-ਚਰਚਾ
ਪਾਤੜਾਂ, 3 ਮਈ
ਕੌਮਾਂਤਰੀ ਪ੍ਰੈੱਸ ਦਿਵਸ ਮੌਕੇ ਮੀਡੀਆ ਕਲੱਬ ਪਾਤੜਾਂ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿੱਚ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਮੁੱਖ ਬੁਲਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਾਇਕ ਸਕੱਤਰ (ਅਕਾਦਮਿਕ) ਰਮਿੰਦਰਜੀਤ ਸਿੰਘ ਵਾਸੂ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਅੰਦੋਲਨ ਤੋਂ ਪਹਿਲਾਂ ਭਾਰਤ ਵਿੱਚ ਇਸਾਈ ਮਿਸ਼ਨਰੀ ਤੋਂ ਸ਼ੁਰੂ ਹੋ ਕੇ ਪ੍ਰਿੰਟ ਪੱਤਰਕਾਰੀ ਨੇ ਪੜਾਅ ਦਰ ਪੜਾਅ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਜੋਕੇ ਦੌਰ ਵਿੱਚ ਸ਼ਮੂਲੀਅਤ ਕੀਤੀ ਹੈ ਪਰ ਆਧੁਨਿਕ ਦੌਰ ਵਿੱਚ ਚੁਣੌਤੀਆਂ ਦੇ ਬਾਵਜੂਦ ਪੰਜਾਬੀ ਪੱਤਰਕਾਰੀ ਸਮਾਜਿਕ ਸਰੋਕਾਰਾਂ ਨਾਲ ਜੁੜੀ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਨੂੰ ਲੋਕਤੰਤਰ ਦਾ ਚੌਥਾ ਥੰਮ ਗਿਣਿਆ ਜਾਂਦਾ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਅੱਜ ਇਸ ਥੰਮ ’ਤੇ ਰਾਜਨੀਤਿਕ ਅਤੇ ਕਾਰਪੋਰੇਟ ਘਰਾਣਿਆਂ ਦਾ ਸਿੱਧੇ ਅਸਿੱਧੇ ਰੂਪ ਵਿੱਚ ਕਬਜ਼ਾ ਹੋ ਗਿਆ ਹੈ। ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਚੌਹਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕਲੱਬ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਭੁਪਿੰਦਰਜੀਤ ਮੌਲਵੀਵਾਲਾ, ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਸਿੰਘ ਕੰਬੋਜ, ਸਤਪਾਲ ਗਰਗ, ਬਲਬੀਰ ਸਿੰਘ ਢਿੱਲੋਂ, ਭੂਸ਼ਣ ਸਿੰਗਲਾ, ਪਰਮਿੰਦਰਜੀਤ ਮੌਦਗਿਲ, ਗੁਰਇਕਬਾਲ ਸਿੰਘ ਖਾਲਸਾ ਤੇ ਸੁਖਵਿੰਦਰ ਸਿੰਘ ਦੁਗਾਲ ਆਦਿ ਹਾਜ਼ਰ ਸਨ।