ਦੇਵੀਗੜ੍ਹ ਵਿੱਚ ਸੜਕਾਂ ’ਤੇ ਨਾਜਾਇਜ਼ ਕਬਜ਼ੇ
ਦੇਵੀਗੜ੍ਹ, 3 ਮਈ
ਕਸਬਾ ਦੇਵੀਗੜ੍ਹ ਦੇ ਬਾਜ਼ਾਰਾਂ ਵਿੱਚ ਸੜਕਾਂ ’ਤੇ ਕਬਜ਼ਿਆਂ ਦੀ ਭਰਮਾਰ ਹੈ ਅਤੇ ਦੁਕਾਨਾਂ ਅੱਗੇ ਰੱਖੇ ਸਾਮਾਨ ਕਾਰਨ ਜਾਮ ਲੱਗਾ ਰਹਿੰਦਾ ਹੈ। ਇਸ ਤੋਂ ਇਲਾਵਾਂ ਦੁਕਾਨਾਂ ਅੱਗੇ ਖੜ੍ਹ ਦੀਆਂ ਰੇਹੜੀਆਂ ਵੀ ਆਵਾਜਾਈ ਵਿੱਚ ਵਿਘਨ ਦਾ ਕਾਰਨ ਬਣਦੀਆਂ ਹਨ। ਜਾਣਕਾਰੀ ਅਨੁਸਾਰ ਰੇਹੜੀ-ਫੜ੍ਹੀ ਵਾਲਿਆਂ ਕੋਲੋਂ ਕੁਝ ਦੁਕਾਨਦਾਰ ਕਿਰਾਇਆ ਵੀ ਲੈਂਦੇ ਹਨ। ਦੁਕਾਨਦਾਰਾਂ ਦੇ ਗਾਹਕ ਆਪਣੇ ਵਾਹਨ ਮੁੱਖ ਸੜਕ ਕਿਨਾਰੇ ਖੜ੍ਹੇ ਕਰਦੇ ਹਨ, ਜਿਸ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪੈਂਦਾ ਹੈ। ਕਈ ਲੋਕ ਤਾਂ ਦੁਕਾਨਾਂ ਅੱਗੇ ਰੇਹੜੀਆਂ ਖੜ੍ਹੀਆਂ ਹੋਣ ਕਰਕੇ ਆਪਣੇ ਵਾਹਨ ਮੁੱਖ ਸੜਕ ਕਿਨਾਰੇ ਖੜੇ ਕਰ ਦਿੰਦੇ ਹਨ, ਜਿਸ ਕਾਰਨ ਜਦੋਂ ਆਸ ਪਾਸ ਦੇ ਸਕੂਲਾਂ ਦੀ ਛੁੱਟੀ ਹੋਣ ਦਾ ਸਮਾਂ ਹੁੰਦਾ ਹੈ ਤਾਂ ਇਥੇ ਵਾਹਨਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਦੇਵੀਗੜ੍ਹ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਰੇਹੜੀਆਂ ਨੂੰ ਦੁਕਾਨਾਂ ਅੱਗੇ ਤੋਂ ਹਟਾਉਣਾ ਚਾਹੀਦਾ ਹੈ ਤਾਂ ਕਿ ਆਵਾਜਾਈ ’ਚ ਵਿਘਨ ਨਾ ਪੈ ਸਕੇ।