ਰਜਬਾਹੇ ਦਾ ਨਵੀਨੀਕਰਨ: ਪਾਣੀ ਛੱਡਣ ਸਾਰ ਸਲੈਬਾਂ ਰੁੜ੍ਹੀਆਂ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਜੂਨ
ਹਲਕਾ ਸ਼ੁਤਰਾਣਾ ਵਿੱਚੋਂ ਲੰਘਦੀ ਭਾਖੜਾ ਨਹਿਰ ’ਚੋਂ ਨਿਕਲਦੇ ਕਰਮਗੜ੍ਹ ਰਜਬਾਹੇ ਦਾ ਹਾਲ ਹੀ ਵਿੱਚ ਨਵੀਨੀਕਰਨ ਕੀਤਾ ਗਿਆ ਸੀ ਪਰ ਪਾਣੀ ਛੱਡਣ ਸਾਰ ਕੁਝ ਥਾਵਾਂ ਤੋਂ ਇਸ ਦੀਆਂ ਸਲੈਬਾਂ ਪਾਣੀ ਵਿੱਚ ਰੁੜ੍ਹ ਗਈਆਂ। ਜਿਨ੍ਹਾਂ ਦੀ ਮੁਰੰਮਤ ਵਿਭਾਗ ਦੀ ਨਿਗਰਾਨੀ ਹੇਠ ਮੁੜ ਤੋਂ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਕੁੱਝ ਕਿਸਾਨਾਂ ਨੇ ਦੋਸ਼ ਹੈ ਕਿ ਮੁਰੰਮਤ ਦੇ ਨਾਂ ’ਤੇ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ। ਸ਼ੁਤਰਾਣਾ ਵਾਸੀ ਸੂਬਾ ਸਿੰਘ, ਗੁਰਮੁੱਖ ਸਿੰਘ, ਨੰਬਰਦਾਰ ਗੁਰਬਖਸ਼ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਝੱਬਰ, ਦਰਸ਼ਨ ਸਿੰਘ, ਨਿਰਮਲ ਸਿੰਘ ਆਦਿ ਨੇ ਦੱਸਿਆ ਕਿ ਕਰਮਗੜ੍ਹ ਰਜਬਾਹੇ ਦੀ ਚੋਆ ਬ੍ਰਾਂਚ ਜਿਸ ਨਾਲ ਨਾਈਵਾਲਾ ਅਤੇ ਸ਼ੁਤਰਾਣਾ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਦਾ ਹੈ। ਇਸ ਬ੍ਰਾਂਚ ਦੇ ਨਵੀਨੀਕਰਨ ਦੌਰਾਨ ਠੇਕੇਦਾਰ ਵੱਲੋਂ ਹਲਕੇ ਮਟੀਰੀਅਲ ਦੀ ਵਰਤੋਂ ਕਰਕੇ ਵੱਡੀ ਧਾਂਦਲੀ ਕੀਤੀ ਗਈ ਹੈ। ਰਾਜਬਾਹੇ ’ਚ ਪਾਣੀ ਛੱਡਣ ’ਤੇ ਕਈ ਥਾਵਾਂ ਤੋਂ ਸਲੈਬਾਂ ਮਿੱਟੀ ਵਿੱਚ ਧੱਸ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਹੁਣ ਜਦੋਂ ਠੇਕੇਦਾਰ ਵੱਲੋਂ ਮੁੜ ਮੁਰੰਮਤ ਕੀਤੀ ਜਾ ਰਹੀ ਹੈ ਤਾਂ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਅਤੇ ਮਹਿਜ਼ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਰਜਬਾਹੇ ਦੀ ਮੁਰੰਮਤ ਲਈ ਠੇਕੇਦਾਰ ਨੂੰ ਹਦਾਇਤ ਜਾਰੀ
ਨਹਿਰੀ ਵਿਭਾਗ ਦੇ ਜੂਨੀਅਰ ਇੰਜਨੀਅਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਠੇਕੇਦਾਰ ਨੂੰ ਨੁਕਸਾਨੇ ਗਏ ਇਲਾਕੇ ਵਿੱਚ ਰਜਬਾਹੇ ਦੀ ਮੁਰੰਮਤ ਦੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਦੇ ਤਹਿਤ ਠੇਕੇਦਾਰ ਵੱਲੋਂ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।