ਲਿਫਾਫੇ ਤੇ ਪਾਈਪ ਬਣਾਉਣ ਵਾਲੀਆਂ ਦੋ ਫੈਕਟਰੀਆਂ ’ਚ ਅੱਗ ਲੱਗੀ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 16 ਅਪਰੈਲ
ਬਲਬੇੜਾ ਵਿੱਚ ਲਿਫਾਫੇ ਅਤੇ ਪਾਈਪ ਬਣਾਉਣ ਵਾਲੀਆਂ ਦੋ ਫੈਕਟਰੀਆਂ ਗੋਬਿੰਦ ਲਘੂ ਉਦਯੋਗ ਅਤੇ ਸਰਵ ਉੱਤਮ ਇੰਟਰਪ੍ਰਾਈਜਿਜ਼ ਵਿੱਚ ਦੇਰ ਰਾਤ ਢਾਈ ਵਜੇ ਅਚਾਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਕਾਫ਼ੀ ਮੁਸ਼ੱਕਤ ਮਗਰੋਂ ਕਾਬੂ ਪਾਇਆ ਗਿਆ। ਫੈਕਟਰੀ ਮਾਲਕ ਮੇਜਰ ਸਿੰਘ ਅਤੇ ਮਨੀਸ਼ ਕੁਮਾਰ ਨੇ ਦੱਸਿਆ ਕਿ ਰਾਤ ਢਾਈ ਵਜੇ ਅੱਗ ਲੱਗਣ ਬਾਰੇ ਫੋਨ ’ਤੇ ਜਾਣਕਾਰੀ ਮਿਲੀ ਕਿ ਫੈਕਟਰੀ ’ਚ ਅੱਗ ਲੱਗ ਗਈ ਹੈ ਤਾਂ ਉਹ ਤੁਰੰਤ ਫੈਕਟਰੀ ’ਚ ਪੁੱਜੇ। ਜਦੋਂ ਤੱਕ ਉਹ ਪਹੁੰਚੇ ਅੱਗ ਕਾਫ਼ੀ ਫੈਲ ਚੁੱਕੀ ਸੀ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਆਸ ਪਾਸ ਦੇ ਲੋਕ ਅਤੇ ਸਮਾਜ ਸੇਵੀ ਅੱਗ ਬੁਝਾਉਣ ਲਈ ਪਹੁੰਚ ਗਏ। ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਉਦੋਂ ਤੱਕ ਸਾਰਾ ਕੁਝ ਹੀ ਸੜ ਕੇ ਸੁਆਹ ਹੋ ਗਿਆ ਸੀ। ਮਾਲਕ ਮੇਜਰ ਸਿੰਘ ਨੇ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੈ। ਉਨ੍ਹਾਂ ਦੱਸਿਆ ਕਿ ਰਾਤ ਦੋ ਗੱਡੀਆਂ ਮਾਲ ਭਰਨ ਲਈ ਆਈਆਂ ਸਨ, ਉਹ ਵੀ ਅੱਗ ਦੀ ਲਪੇਟ ’ਚ ਆ ਗਈਆਂ ਹਨ। ਟਰੱਕ ਦੇ ਮਾਲਕ ਮਨੀ ਰਾਮ ਵਾਸੀ ਕੈਥਲ ਹਰਿਆਣਾ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਫੈਕਟਰੀ ’ਚ ਮਾਲ ਭਰਨ ਆਏ ਸਨ ਅਤੇ ਰਾਤ ਗੱਡੀ ਅੱਗ ’ਚ ਸੜ ਗਈ। ਉਨ੍ਹਾਂ ਕਿਹਾ ਕਿ ਬੈਂਕ ਤੋਂ ਕਰਜ਼ਾ ਲੈ ਕੇ ਟਰੱਕ ਲਿਆ ਸੀ। ਫੈਕਟਰੀ ’ਚ ਕੰਮ ਕਰਨ ਵਾਲੀ ਲੇਬਰ ਦਾ ਕਹਿਣਾ ਹੈ ਫੈਕਟਰੀ ਤਬਾਹ ਹੋਣ ਨਾਲ ਰੁਜ਼ਗਾਰ ਖਤਮ ਹੋ ਗਿਆ ਹੈ। ਇਸ ਘਟਨਾ ਸਬੰਧੀ ਬਲਜਿੰਦਰ ਸਿੰਘ ਚੌਕੀ ਇੰਚਾਰਜ ਬਲਬੇੜ੍ਹਾ ਨੇ ਦੱਸਿਆ ਕਿ ਫੈਕਟਰੀ ਮਾਲਕ ਦੇ ਦੱਸਣ ਅਨੁਸਾਰ ਇਹ ਹਾਦਸਾ ਬਿਜਲੀ ਸ਼ਾਰਟ ਸ਼ਰਕਟ ਨਾਲ ਵਾਪਰਿਆ ਹੈ।