ਪੁਸਤਕ ‘ਸੰਵੇਦਨਾ ਦੇ ਰੰਗ’ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਪਰੈਲ
ਪੰਜਾਬੀ ਯੂਨੀਵਰਸਿਟੀ ਕੈਂਪਸ ਸਥਿਤ ਵਰਲਡ ਪੰਜਾਬੀ ਸੈਂਟਰ ਵਿੱਚ ਦਲੀਪ ਸਿੰਘ ਉੱਪਲ ਦੀ ਪੁਸਤਕ ‘ਸੰਵੇਦਨਾ ਦੇ ਰੰਗ’ ਲੋਕ ਅਰਪਣ ਕੀਤੀ ਗਈ। ਪੁਸਤਕ ਦਾ ਸੰਪਾਦਨ ਡਾ. ਕਮਲੇਸ਼ ਉੱਪਲ ਵੱਲੋਂ ਕੀਤਾ ਗਿਆ ਹੈ। ਇਸ ਦੌਰਾਨ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦਲੀਪ ਸਿੰਘ ਉੱਪਲ ਦੀ ਸਾਹਿਤ ਪ੍ਰਤੀ ਲਗਨ ਅਤੇ ਨਿਰੰਤਰ ਲੇਖਨ ਬਾਰੇ ਵਿਸ਼ੇਸ਼ ਰੂਪ ਵਿਚ ਦੱਸਿਆ।
ਸਾਬਕਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ ਨੇ ਕਿਹਾ ਕਿ ਲੇਖਕ ਨੇ ਇਸ ਪੁਸਤਕ ਵਿਚ ਵੱਖ -ਵੱਖ ਵਿਧਾਵਾਂ ਰਾਹੀਂ ਆਪਣੀ ਲੇਖਣ ਕਲਾ ਦਾ ਇਜ਼ਹਾਰ ਕੀਤਾ ਹੈ। ਉੱਘੀਆਂ ਸ਼ਖਸੀਅਤਾਂ ਨਾਲ ਮੁਲਾਕਾਤਾਂ ਤੋਂ ਲੈ ਕੇ ਵੱਖ-ਵੱਖ ਵਿਸ਼ਿਆਂ ਬਾਰੇ ਲੇਖ, ਪ੍ਰਸਿੱਧ ਸ਼ਖਸੀਅਤਾਂ ਨਾਲ ਪੱਤਰਾਂ ਦਾ ਆਦਾਨ-ਪ੍ਰਦਾਨ, ਲੇਖਕ ਦੀਆਂ ਪਹਿਲੀਆਂ ਪੁਸਤਕਾਂ ਬਾਰੇ ਵੱਖ-ਵੱਖ ਰਾਵਾਂ ਦੇ ਨਾਲ-ਨਾਲ ਕੁਝ ਕਵਿਤਾਵਾਂ ਵੀ ਪੁਸਤਕ ਦਾ ਸ਼ਿੰਗਾਰ ਹਨ। ਇਸ ਮੌਕੇ ਪਵਨ ਸ਼ਰਮਾ, ਹਰਪ੍ਰੀਤ ਕੌਰ ਅਤੇ ਡਾ. ਨਿਵੇਦਿਤਾ ਉੱਪਲ ਨੇ ਵੀ ਲੇਖਕ ਦੀ ਪ੍ਰਤੀਬੱਧਤਾ ਸਬੰਧੀ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਬਲਵਿੰਦਰ ਸਿੰਘ ਭੱਟੀ ਨੇ ਕੀਤਾ ਅਤੇ ਦਿਆਲ ਸਿੰਘ ਗਿੱਲ ਵੱਲੋਂ ਮੁੱਖ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।