ਪੁਲੀਸ ਅਧਿਕਾਰੀਆਂ ਵੱਲੋਂ ਨਾਕਿਆਂ ਦਾ ਨਿਰੀਖਣ
ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਅਪਰੈਲ
ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਦੇਰ ਰਾਤ ਸੰਗਰੂਰ ਵਿੱਚ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ। ਸ਼ਹਿਰ ਦੇ ਫੁਹਾਰਾ ਚੌਕ ਨਜ਼ਦੀਕ ਪੁਲੀਸ ਵੱਲੋਂ ਕੀਤੀ ਗਈ ਨਾਕਾਬੰਦੀ ਦਾ ਅਚਨਚੇਤ ਨਿਰੀਖਣ ਕਰਦਿਆਂ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਰੱਖਣ ਲਈ ਪੰਜਾਬ ਪੁਲੀਸ 24 ਘੰਟੇ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਅੱਜ ਪੂਰੇ ਪੰਜਾਬ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਜਾਰੀ ਹੈ ਅਤੇ ਉਹ ਵੀ ਅੱਜ ਸੰਗਰੂਰ ਅਤੇ ਬਰਨਾਲਾ ਵਿੱਚ ਪੁਲੀਸ ਵੱਲੋਂ ਲਗਾਏ ਨਾਕਿਆਂ ਅਤੇ ਪੈਟਰੋਲਿੰਗ ਪਾਰਟੀਆਂ ਵਿੱਚ ਤਾਇਨਾਤ ਜਵਾਨਾਂ ਦਾ ਮਨੋਬਲ ਵਧਾਉਣ ਲਈ ਅਚਨਚੇਤ ਦੌਰੇ ਕਰ ਰਹੇ ਹਨ।
ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 26 ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਪ੍ਰਕਿਰਿਆ ਚੱਲ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਆਉਂਦੇ ਤਿਉਹਾਰਾਂ ਦੌਰਾਨ ਕਿਸੇ ਵੀ ਮਾੜੀ ਕਿਸਮ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਡੀਆਈਜੀ ਨੇ ਗੈਰ ਸਮਾਜਿਕ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀਆਈਜੀ ਮਨਦੀਪ ਸਿੰਘ ਸਿੱਧੂ ਵਲੋਂ ਸ਼ਹਿਰ ’ਚ ਕਈ ਪੁਲੀਸ ਨਾਕਿਆਂ ਤੋਂ ਇਲਾਵਾ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਰਾਤ ਸਮੇਂ ਪੁਲੀਸ ਨਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ।
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਪੰਜਾਬ ਪੁਲੀਸ ਵੱਲੋਂ ਅਮਨ-ਕਾਨੂੰਨ ਵਿਵਸਥਾ ਨੂੰ ਹੋਰ ਪੁਖਤਾ ਬਣਾਉਣ ਲਈ ਸ਼ੁਰੂ ਕੀਤੇ ਨਾਈਟ ਡੋਮੀਨੇਸ਼ਨ ਅਪਰੇਸ਼ਨ ਤਹਿਤ ਐੱਸਐੱਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਵੱਲੋਂ ਰਾਤ ਭਰ ਨਾਕੇਬੰਦੀ ਕਰਕੇ ਵਾਹਨਾਂ ਦੀ ਜਾਂਚ ਦੇ ਨਾਲ-ਨਾਲ ਸ਼ੱਕੀਆਂ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ। ਐੱਸਐੱਸਪੀ ਗਗਨ ਅਜੀਤ ਸਿੰਘ ਮੁਤਾਬਿਕ ਦੇਰ ਰਾਤ ਤੋਂ ਸਵੇਰੇ ਤੱਕ ਚੱਲੇ ਇਸ ਪੁਲੀਸ ਅਪਰੇਸ਼ਨ ਤਹਿਤ ਜ਼ਿਲ੍ਹੇ ਵਿੱਚ ਅੱਠ ਥਾਵਾਂ ’ਤੇ ਵਿਸ਼ੇਸ਼ ਨਾਕੇ ਲਗਾਏ ਗਏ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਸਾਰੇ ਨਾਕਿਆਂ ਦਾ ਉਨ੍ਹਾਂ ਵੱਲੋਂ ਖੁਦ ਅਚਨਚੇਤ ਦੌਰਾ ਕਰਕੇ ਸਬੰਧਤ ਅਧਿਕਾਰੀਆਂ ਤੇ ਨਾਗਰਿਕਾਂ ਨਾਲ ਸਿੱਧਾ ਰਾਬਤਾ ਕੀਤਾ ਗਿਆ। ਉਨ੍ਹਾਂ ਕਿਹਾ ਨਾਈਟ ਡੋਮੀਨੇਸ਼ਨ ਅਪਰੇਸ਼ਨ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਸਮਾਜ ਵਿਰੋਧੀ ਤੱਤਾਂ ਅੰਦਰ ਡਰ ਪੈਦਾ ਕਰਕੇ ਨਕੇਲ ਕਸਣਾ ਹੈ। ਸਟਰੀਟ ਕ੍ਰਾਈਮ ਨੂੰ ਰੋਕਣ ਅਤੇ ਨਸ਼ਿਆਂ ਮੁਕਤ ਸੁਰੱਖਿਅਤ ਮਾਲੇਰਕੋਟਲਾ ਬਣਾਉਣ ਨੂੰ ਪੁਲੀਸ ਦੀ ਪ੍ਰਥਾਮਿਕਤਾ ਦਸਦਿਆਂ ਐੱਸਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਰੋਧੀ ਤੱਤਾਂ ਨੂੰ ਨੱਥ ਪਾਉਣ ਲਈ ਪੁਲੀਸ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿਹਾ ਕਿ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਕਾਨੂੰਨ-ਵਿਵਸਥਾ ਨੂੰ ਯਕੀਨੀ ਬਣਾਉਣ ਲਈ ਇਹ ਵਿਸ਼ੇਸ਼ ਵਾਹਨ ਚੈਕਿੰਗ ਮੁਹਿੰਮ ਜਾਰੀ ਰੱਖੀ ਜਾਵੇਗੀ।
ਪਟਿਆਲਾ ਵਿੱਚ ਪੁਲੀਸ ਨੇ ਚੌਕਸੀ ਵਧਾਈ
ਪਟਿਆਲਾ (ਸਰਬਜੀਤ ਸਿੰਘ ਭੰਗੂ): ਗੁਰਪਤਵੰਤ ਸਿੰਘ ਪੰਨੂ ਦੀਆਂ ਡਾ. ਬੀਆਰ ਅੰਬੇਡਕਰ ਦੀ ਜੈਯੰਤੀ ਮੌਕੇ ਬੁੱਤਾਂ ਦੀ ਭੰਨਤੋੜ ਤੇ ਨਾਅਰੇ ਲਿਖਣ ਦੀਆਂ ਧਮਕੀਆਂ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਲੰਘੀ ਰਾਤ ਭਾਰੀ ਪੁਲੀਸ ਫੋਰਸ ਵੱਲੋਂ ਪਟਿਆਲਾ ਸਮੇਤ ਕੁਝ ਹੋਰ ਥਾਈਂ ਰਾਤ ਭਰ ਗਸ਼ਤ ਅਪਰੇਸ਼ਨ ਚਲਾਏ ਗਏ। ਇਸੇ ਕੜੀ ਵਜੋਂ ਪਟਿਆਲਾ ਵਿਚਲੇ ਅਜਿਹੇ ਅਪਰੇਸ਼ਨ ਦੀ ਅਗਵਾਈ ਸਪੈਸ਼ਲ ਡੀਜੀਪੀ ਇਸ਼ਵਰ ਸਿੰਘ ਨੇ ਕੀਤੀ। ਅਸਲ ’ਚ ਅੰਬੇਡਕਰ ਜੈਅੰਤੀ ਸਬੰਧੀ 14 ਅਪਰੈਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਣ ਜਾ ਰਹੇ ਸੂਬਾਈ ਸਮਾਗਮ ਵਿਚ ਸ਼ਿਰਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ ਜਿਸ ਕਰਕੇ ਵੀ ਪੁਲੀਸ ਵੱੱਲੋਂ ਅਪਰੇਸ਼ਨ ਲਈ ਪਟਿਆਲਾ ਦੀ ਚੋਣ ਕੀਤੀ ਹੋ ਸਕਦੀ ਹੈ। ਇਸੇ ਦੌਰਾਨ ਪਟਿਆਲਾ ਦੇ ਨਵੇਂ ਬੱਸ ਸਟੈਂਡ ਸਮੇਤ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਲੇ ਇਲਾਕੇ ਵਿੱਚ ਗਸ਼ਤ ਦੌਰਾਨ ਐੱਸਐੱਸਪੀ ਡਾ. ਨਾਨਕ ਸਿੰਘ ਸਮੇਤ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਇਸ਼ਵਰ ਸਿੰਘ ਨੇ ਕਿਹਾ ਕਿ ਇਸ ਦੌਰਾਨ ਨਾਕਿਆਂ ਦਾ ਨਿਰੀਖਣ ਕੀਤਾ ਅਤੇ ਅਪਰੇਸ਼ਨ ਦੀ ਪ੍ਰਭਾਵਸ਼ੀਲਤਾ ਦੇ ਮੁਲਾਂਕਣ ਸਮੇਤ ਪੁਲੀਸ ਦੇ ਕੰਮਕਾਜ ਦੀ ਸਮੀਖਿਆ ਵੀ ਕੀਤੀ।