ਪਹਿਲਗਾਮ ਘਟਨਾ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੋਮਬੱਤੀ ਮਾਰਚ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 25 ਅਪਰੈਲ
ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਾਲੇਰਕੋਟਲਾ ਵਿਚ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਇਕਾਈ, ਸ੍ਰੀ ਸਨਾਤਨ ਧਰਮ ਸਭਾ, ਸ੍ਰੀ ਲੰਗਰ ਕਮੇਟੀ ਹਨੂੰਮਾਨ ਮੰਦਰ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮੋਮਬੱਤੀ ਮਾਰਚ ਕਰਕੇ ਅਤਿਵਾਦ ਅਤੇ ਪਾਕਿਸਤਾਨ ਦਾ ਪੁਤਲਾ ਫੂਕਿਆ। ਮਾਰਚ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹੱਕ ਵਿੱਚ ਨਾਅਰੇ ਲਾਏ ਅਤੇ ਅਤਿਵਾਦ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਨੁਮਾਇੰਦਿਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਤਿਵਾਦੀਆਂ ਖ਼ਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮਾਰਚ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਕਿਹਾ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਇਨਸਾਨੀਅਤ ਨਾਲ ਕੋਈ ਹਮਦਰਦੀ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਅਜਿਹੇ ਦੇਸ਼ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਸਾਬਕਾ ਆਈਏਐੱਸ ਅਧਿਕਾਰੀ ਗੁਰਲਵਲੀਨ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਅਜਿਹੀ ਮਨੁੱਖ ਵਿਰੋਧੀ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਗੁਰਦੁਆਰਾ ਹਾਅ ਦਾ ਨਾਅਰਾ ਦੇ ਮੁੱਖ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ, ਸ੍ਰੀ ਸਨਾਤਨ ਧਰਮ ਸਭਾ ਦੇ ਸੰਜੀਵ ਰਿਖੀ, ਲੰਗਰ ਕਮੇਟੀ ਦੇ ਪ੍ਰਧਾਨ ਸੁਰੇਸ਼ ਜੈਨ, ਭਾਜਪਾ ਓ.ਬੀ.ਸੀ. ਦੇ ਪ੍ਰਧਾਨ ਵੈਦ ਮੋਹਨ ਲਾਲ, ਬਜਰੰਗ ਦਲ ਪੰਜਾਬ ਦੇ ਪ੍ਰਧਾਨ ਮੋਹਿਤ ਗਰਗ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅਭੈ ਗੁਪਤਾ, ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਗਲਾ, ਡੇਰਾ ਬਾਬਾ ਆਤਮਾ ਰਾਮ ਕਮੇਟੀ ਦੇ ਪ੍ਰਧਾਨ ਯਸ਼ਪਾਲ ਗੋਇਲ, ਸ੍ਰੀ ਖਾਟੂ ਸ਼ਿਆਮ ਸੇਵਾ ਸੰਮਤੀ ਦੇ ਪ੍ਰਧਾਨ ਦੁਸ਼ਅੰਤ ਜੈਨ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਲੋਮਸ ਸ਼ਰਮਾ ਮੌਜੂਦ ਸਨ।
ਦਹਿਸ਼ਤ ਫੈਲਾ ਕੇ ਸਮਾਜ ਨੂੰ ਵੰਡਣ ਦੇ ਮਨਸੂਬੇ ਸਫਲ ਨਹੀਂ ਹੋਣਗੇ: ਜਮਹੂਰੀ ਜਥੇਬੰਦੀਆਂ
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਪਹਿਲਗਾਮ ਵਿੱਚ ਮਾਰੇ ਗਏ ਬੇਕਸੂਰ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੇਸ਼ ਭਗਤ ਯਾਦਗਾਰ ਲੌਂਗੋਵਾਲ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਸ ਦਹਿਸ਼ਤ ਫੈਲਾਊ ਤੇ ਗ਼ੈਰ ਮਨੁੱਖੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਜੁਝਾਰ ਲੌਂਗੋਵਾਲ ਅਤੇ ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾਂ ਤੇ ਸੱਟ ਮਾਰਨ ਵਾਲੀਆਂ ਫਿਰਕੂ ਤਾਕਤਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਅਜਿਹੀਆਂ ਘਟਨਾਵਾਂ ਸਾਡੀ ਸਮਾਜਿਕ ਏਕਤਾ ਅਤੇ ਭਾਈਚਾਰਕ ਤਾਣੇ ਬਾਣੇ ਨੂੰ ਹਿਲਾ ਨਹੀਂ ਸਕਦੀਆਂ ਕਿਉਂਕਿ ਲੋਕ ਜਾਣ ਚੁੱਕੇ ਹਨ ਕਿ ਇਹ ਕੌਣ ਲੋਕ ਹਨ ਜੋ ਬੇਕਸੂਰ ਲੋਕਾਂ ਨੂੰ ਮਾਰ ਰਹੇ ਹਨ। ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਕਮਲਜੀਤ ਵਿੱਕੀ, ਅਨਿਲ ਕੁਮਾਰ, ਲਖਵੀਰ ਲੌਂਗੋਵਾਲ, ਸੰਦੀਪ ਸਿੰਘ, ਬੀਰਬਲ ਸਿੰਘ, ਭਾਗ ਸਿੰਘ, ਪ੍ਰੋ ਆਰ ਕੇ ਯਾਦਵ, ਰਣਜੀਤ ਸਿੰਘ, ਮਾਸਟਰ ਚੰਦਰ ਸ਼ੇਖਰ, ਗੁਰਮੇਲ ਸਿੰਘ, ਚਰਨਾ ਸਿੰਘ, ਸੁਖਪਾਲ ਸਿੰਘ, ਬੱਗਾ ਸਿੰਘ ਨਮੋਲ, ਦਾਤਾ ਸਿੰਘ ਨਮੋਲ, ਸਰਬਜੀਤ ਨਮੋਲ ਆਦਿ ਨੇ ਕਿਹਾ ਕਾਰਪੋਰੇਟ ਸੈਕਟਰ, ਸਾਮਰਾਜੀ ਪ੍ਰਬੰਧ ਦੀ ਸੇਵਾ ਵਿੱਚ ਜੁਟੀਆਂ ਹਾਕਮ ਜਮਾਤਾਂ ਨੂੰ ਮੁਲਕ ਦੀ ਅਵਾਮ ਦੀ ਕੋਈ ਫਿਕਰ ਨਹੀਂ, ਸਗੋਂ ਆਪਣੇ ਵੋਟ ਬੈਂਕ ਨੂੰ ਬਚਾਉਣ ਲਈ ਘੂਕ ਸੁੱਤੀਆਂ ਹੋਈਆਂ ਹਨ ਪਰ ਲੋਕ ਜਾਗ ਚੁੱਕੇ ਹਨ।
ਹਿੰਦੂ ਜਥੇਬੰਦੀਆਂ ਵੱਲੋਂ ਪਹਿਲਗਾਮ ਹਮਲੇ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਭਵਾਨੀਗੜ੍ਹ: ਇੱਥੇ ਹਿੰਦੂ ਸੰਗਠਨਾਂ ਵੱਲੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਨਿਰਦੋਸ਼ ਸੈਲਾਨੀਆਂ ਦੀ ਹੱਤਿਆ ਕਰਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਮਨਦੀਪ ਕੁਮਾਰ ਅੱਤਰੀ, ਸਰਪ੍ਰਸਤ ਪਵਨ ਕੁਮਾਰ ਸ਼ਰਮਾ, ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨੀਸ਼ ਕੁਮਾਰ ਗਿੰਨੀ ਕੱਦ, ਭਾਜਪਾ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ, ਸੁਦਰਸ਼ਨ ਸ਼ਲਦੀ ਕੌਂਸਲਰ, ਸ਼ਾਮ ਸਚਦੇਵਾ,ਡਾ ਰਿੰਪੀ ਸ਼ਰਮਾ, ਯੋਗੇਸ਼ ਕੁਮਾਰ ਰਤਨ ਆਦਿ ਨੇ ਕਿਹਾ ਕਿ ਪਹਿਲਗਾਮ ਵਿਖੇ ਹੱਤਿਆ ਕਾਂਡ ਦੇਸ਼ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਆਤੰਕਵਾਦੀਆਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਿਣਾਉਣੀ ਹਰਕਤ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ।