ਮਹਿਲਾ ਕਾਂਗਰਸ ਵੱਲੋਂ ਰਾਖਵਾਂਕਰਨ ਬਿੱਲ ਲਾਗੂ ਕਰਾਉਣ ਲਈ ਨਾਅਰੇਬਾਜ਼ੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ 3 ਅਪਰੈਲ
ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਅਤੇ ਦਿਹਾਤੀ ਦੀ ਪ੍ਰਧਾਨ ਅਮਰਜੀਤ ਕੌਰ ਭੱਠਲ ਨੇ ਭਾਜਪਾ ਸਰਕਾਰ ਵਿਰੁੱਧ ਲਾਲ ਕੱਪੜਿਆਂ ’ਚ ਪ੍ਰਦਰਸ਼ਨ ਕੀਤਾ। ਮਹਿਲਾਵਾਂ ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਕਰਵਾਉਣ ਲਈ ਜਾਣਬੁੱਝ ਕੇ ਕੀਤੀ ਜਾ ਰਹੀ ਦੇਰੀ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਦੀਆਂ ਵੋਟਾਂ ਲੈਣ ਲਈ ਮਹਿਲਾ ਰਾਖਵਾਂਕਰਨ ਬਿਲ ਲੋਕ ਸਭਾ ਵਿੱਚ ਪਾਸ ਤਾਂ ਕਰਵਾ ਲਿਆ, ਜਿਸ ਨਾਲ ਉਹ ਮਹਿਲਾਵਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਬਟੋਰਨ ਵਿੱਚ ਕਾਮਯਾਬ ਰਹੇ ਪਰ ਹੁਣ ਸਰਕਾਰ ਇਸ ਬਿੱਲ ਨੂੰ 2026 ਵਿੱਚ ਹੋਣ ਵਾਲੀ ਜਨਗਣਨਾ ਦਾ ਬਹਾਨਾ ਬਣਾ ਕੇ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਮਹਿਲਾਵਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਦੇਣ ਲਈ ਪਾਸ ਕੀਤੇ ਹੋਏ ਬਿੱਲ ਨੂੰ ਤੁਰੰਤ ਲਾਗੂ ਕਰਵਾਉਣ ਲਈ ਡੀਸੀ ਪਟਿਆਲਾ ਰਾਹੀਂ ਰਾਸ਼ਟਰਪਤੀ ਨੂੰ ਅਪਣਾ ਮੰਗ ਪੱਤਰ ਭੇਜਿਆ ਗਿਆ। ਰੰਧਾਵਾ ਨੇ ਕਿਹਾ ਜਦੋਂ ਤੱਕ ਇਹ ਬਿੱਲ ਲਾਗੂ ਨਹੀਂ ਹੁੰਦਾ ਸਾਡਾ ਸੰਘਰਸ਼ ਜਾਰੀ ਰਹੇਗਾ। ਰੰਧਾਵਾ ਨੇ ਕਿਹਾ ਕਿ ਸੋਨੀਆ ਗਾਂਧੀ ਅਗਵਾਈ ਹੇਠ ਹੀ ਇਸ ਬਿੱਲ ਦੀ ਨੀਂਹ ਰੱਖੀ ਗਈ ਸੀ ਜਦੋਂ ਡਾ. ਮਨਮੋਹਨ ਸਿੰਘ ਸਰਕਾਰ ਨੇ ਬਿੱਲ ਨੂੰ ਰਾਜ ਸਭਾ ਵਿੱਚ ਪਾਸ ਕਰਵਾ ਦਿੱਤਾ ਸੀ ਪਰ ਲੋਕ ਸਭਾ ਵਿੱਚ ਭਾਜਪਾ ਨੇ ਅੜਿੱਕਾ ਡਾਹ ਕੇ ਬਿੱਲ ਪਾਸ ਨਹੀਂ ਹੋਣ ਦਿੱਤਾ ਤੇ ਹੁਣ ਭਾਜਪਾ ਕੋਲ ਪੂਰਨ ਬਹੁਮਤ ਹੋਣ ਦੇ ਬਾਵਜੂਦ ਬਿੱਲ ਲਾਗੂ ਨਹੀਂ ਕੀਤਾ ਜਾ ਰਿਹਾ। ਇਸੇ ਦੌਰਾਨ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ, ਦਿਹਾਤੀ ਪ੍ਰਧਾਨ ਅਮਰਜੀਤ ਕੌਰ ਭੱਠਲ, ਸੋਸ਼ਲ ਮੀਡੀਆ ਇੰਚਾਰਜ ਯਾਮਿਨੀ ਵਰਮਾ, ਜਨਰਲ ਸੈਕਟਰੀ ਨਰਿੰਦਰ ਕੌਰ ਕੰਗ, ਪ੍ਰਿੰਸੀਪਲ ਅਮਰਜੀਤ ਕੌਰ, ਮਨਦੀਪ ਚੌਹਾਨ, ਜਸਬੀਰ ਕੌਰ ਜੱਸੀ, ਪੁਸ਼ਪਿੰਦਰ ਗਿੱਲ, ਲਤਾ ਵਰਮਾ, ਰੁਪਿੰਦਰ ਕੌਰ, ਪੁਸ਼ਪਾ ਗਿੱਲ, ਚਰਨਜੀਤ ਕੌਰ ਸਨੌਰ, ਕਮਲੇਸ਼ ਰਾਣੀ ਨਾਭਾ, ਗੁਰਮੀਤ ਕੌਰ, ਰੇਨੂੰ ਯਾਦਵ, ਪੱਲਵੀ ਜੈਨ, ਡਿੰਪਲ ਗਿੱਲ, ਗੁਰਮੀਤ ਕੌਰ, ਮੁਸਕਾਨ, ਰਜਨੀ, ਗੁਰਤੇਜ ਕੌਰ ਵੀ ਹਾਜ਼ਰ ਸਨ।