400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਭਾਈ ਗੁਰਜੀਤ ਸਿੰਘ ਫ਼ੌਜੀ ਦੀ ਸਿਹਤ ਨਾਜ਼ੁਕ
ਸਮਾਣਾ, 6 ਅਪਰੈਲ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਸਬੰਧੀ ਪਿਛਲੇ ਛੇ ਮਹੀਨਿਆਂ ਤੋਂ ਭਾਰਤੀ ਸੰਚਾਰ ਨਿਗਮ ਦੇ ਸਮਾਣਾ ਸਥਿਤ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਭਾਈ ਗੁਰਜੀਤ ਸਿੰਘ ਫ਼ੌਜੀ ਦੀ ਸਿਹਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਈ ਫ਼ੌਜੀ ਨੇ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਕਾਨੂੰਨ ਬਣਾਉਣ ਤੋਂ ਬਿਨਾਂ ਟਾਵਰ ਤੋਂ ਥੱਲੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ।
ਬਜਟ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਟਾਵਰ ਮੋਰਚੇ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਉਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਕੰਨ ’ਤੇ ਜੂੰ ਵੀ ਨਹੀਂ ਸਰਕੀ। ਬੀਤੀ 11 ਫ਼ਰਵਰੀ ਤੋਂ ਭਾਈ ਗੁਰਜੀਤ ਸਿੰਘ ਨੇ ਭੁੱਖ ਹੜਤਾਲ ਕੀਤੀ ਹੋਈ ਹੈ ਜਿਸ ਨਾਲ ਉਨ੍ਹਾਂ ਦੀ ਸਿਹਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਟਾਵਰ ਮੋਰਚੇ ਦੇ ਸਥਾਨ ’ਤੇ ਪਹੁੰਚ ਕੇ ਬਤੌਰ ਜੱਥੇਦਾਰ ਭਾਈ ਫੌਜੀ ਨੂੰ ‘ਹੁਕਮ’ ਕੀਤਾ ਸੀ ਕਿ ਉਹ ਭੁੱਖ ਹੜਤਾਲ ਖ਼ਤਮ ਕਰ ਦੇਣ ਅਤੇ ਲੋੜ ਅਨੁਸਾਰ ਪ੍ਰਸ਼ਾਦਾ ਛਕਣ। ਉਨ੍ਹਾਂ ਦਲੀਲ ਦਿੱਤੀ ਸੀ ਕਿ ਸਿੱਖ ਧਰਮ ਵਿਚ ਭੁੱਖ ਹੜਤਾਲ ਦੀ ਕੋਈ ਥਾਂ ਨਹੀਂ ਹੈ। ਟਾਵਰ ’ਤੇ ਦਵਾਈ ਅਤੇ ਫ਼ਲ ਲੈ ਕੇ ਪਹੁੰਚੇ ਪ੍ਰਗਟ ਸਿੰਘ ਨੇ ਫੋਨ ’ਤੇ ਦੱਸਿਆ ਕਿ ਭਾਈ ਗੁਰਜੀਤ ਸਿੰਘ ਨੇ ਕੋਈ ਚੀਜ਼ ਨਹੀਂ ਖਾਧੀ। ਡਾਕਟਰ ਨੇ ਹਦਾਇਤ ਕੀਤੀ ਸੀ ਕੁਝ ਖਾ ਕੇ ਦਵਾਈ ਲੈਣੀ ਹੈ ਪਰ ਭਾਈ ਗੁਰਜੀਤ ਸਿੰਘ ਨੇ ਕੁਝ ਖਾਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਮੋਰਚੇ ਦੇ ਸੰਚਾਲਕ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ ਨੇ ਵੀ ਕੀਤੀ ਕਿ ਭਾਈ ਗੁਰਜੀਤ ਸਿੰਘ ਨੇ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਸਿਵਲ ਹਸਪਤਾਲ ਸਮਾਣਾ ਦੇ ਡਾ. ਜਤਿਨ ਡਾਹਰਾ ਨੇ ਦੱਸਿਆ ਕਿ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਗੁਰਜੀਤ ਸਿੰਘ ਨੂੰ ਪੱਥਰੀਆਂ ਦੀ ਸ਼ਿਕਾਇਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਸਲ ਬਿਮਾਰੀ ਜਾਂਚ ਕਰਵਾਉਣ ਤੋਂ ਬਾਅਦ ਪਤਾ ਚੱਲ ਸਕਦੀ ਹੈ।