ਵਿਦਿਆਰਥੀ ਵੱਲੋਂ ਪ੍ਰੋਫੈਸਰਾਂ ਦੀ ਹਮਾਇਤ
ਸਰਬਰਜੀਤ ਸਿੰਘ ਭੰਗੂ
ਪਟਿਆਲਾ, 12 ਅਪਰੈਲ
ਗੈਸਟ ਫੈਕਲਟੀ ਤਹਿਤ ਵੱਖ-ਵੱਖ ਕਾਲਜਾਂ ’ਚ ਕਾਰਜਸ਼ੀਲ ਅਸਿਸਟੈਂਟ ਪ੍ਰੋਫੈਸਰਾਂ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਡੀਨ ਦਫ਼ਤਰ ਅੱਗੇ ਲਾਇਆ ਧਰਨਾ ਅੱਜ 187ਵੇਂ ਦਿਨ ਵੀ ਜਾਰੀ ਰਿਹਾ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਧਰਨਾ ਚੁਕਵਾਉਣ ਦੀਆਂ ਧਮਕੀਆਂ ਦੇ ਲਾਏ ਦੋਸ਼ਾਂ ਦਰਮਿਆਨ ਅੱਜ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਵੀ ਇਨ੍ਹਾਂ ਅਧਿਆਪਕਾਂ ਦੇ ਸਮਰਥਨ ਵਿਚ ਆ ਗਈਆਂ ਹਨ। ਜਥੇਬੰਦੀਆਂ ਨੇ ਧਮਕੀਆਂ ਦੀ ਨਿਖੇਧੀ ਕਰਦਿਆਂ ਪ੍ਰੋਫੈਸਰਾਂ ਨਾਲ ਅਜਿਹੀ ਵਧੀਕੀ ਨਾ ਹੋਣ ਦੇਣ ਦਾ ਭਰੋਸਾ ਦਿਤਾ ਹੈ। ਇਸ ਮੌਕੇ ਐੱਸਐੱਫਆਈ ਤੋਂ ਰਮਨਦੀਪ, ਗੁਰਕੀਰਤ ਸਿੰਘ, ਪੀਐੱਸਐੱਫ ਤੋਂ ਗਗਨਦੀਪ, ਏਆਈਐੱਸਐੱਫ ਤੋਂ ਗੁਰਜੰਟ ਸਿੰਘ ਅਤੇ ਪੀਐੱਸਯੂ ਲਲਕਾਰ ਤੋਂ ਹਰਪ੍ਰੀਤ ਸ਼ਾਮਲ ਹੋਏ। ਦੂਜੇ ਪਾਸੇ ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦੇ ਫੈਸਲੇ ‘ਬਰਾਬਰ ਕੰਮ ਲਈ ਬਰਾਬਰ ਤਨਖਾਹ‘ ਅਤੇ ਯੂਜੀਸੀ ਦੇ ਨੋਟੀਫੇਕਸ਼ਨ ਦੇ ਅਨੁਸਾਰ ‘ਮੁਢਲੀ ਤਨਖਾਹ 57,700’ ਦੀ ਮੰਗ ਕਰ ਰਹੇ ਹਨ ਪਰ ਛੇ ਮਹੀਨਿਆਂ ਮਗਰੋਂ ਵੀ ਯੂਨੀਵਰਸਿਟੀ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਹੋਇਆ।