ਅਧਿਆਪਕਾਂ ਤੇ ਕਿਸਾਨਾਂ ’ਤੇ ਲਾਠੀਚਾਰਜ ਖ਼ਿਲਾਫ਼ ਸਿਹਤ ਮੰਤਰੀ ਦੀ ਕੋਠੀ ਨੇੜੇ ਧਰਨਾ
ਪਟਿਆਲਾ, 6 ਅਪਰੈਲ
ਬਠਿੰਡਾ ਜ਼ਿਲ੍ਹੇ ਦੇ ਚਾਉਕੇ ਪਿੰਡ ਦੇ ਆਦਰਸ਼ ਸਕੂਲ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ੰਘਰਸ਼ ਕਰ ਰਹੇ ਅਧਿਆਪਕਾਂ ’ਤੇ ਲਾਠੀਚਾਰਜ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰੀਆਂ ਕਰਨ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਅੱਜ ਇੱਥੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਕੋਠੀ ਨੇੜੇ ਰੋਸ ਧਰਨਾ ਦਿੱਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਦਾ ਦਾਅਵਾ ਖੋਖਲਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਚਾਉਕੇ ਵਿਚਲੀ ਘਟਨਾ ਨਾਲ ਸਰਕਾਰ ਦਾ ਵਿਦਿਆਰਥੀ, ਅਧਿਆਪਕ ਤੇ ਮੁਲਜ਼ਮ ਵਿਰੋਧੀ ਚਿਹਰਾ ਨਸ਼ਰ ਹੋਇਆ ਹੈ। ਜ਼ਿਲ੍ਹਾ ਸਕੱਤਰ ਮਾਸਟਰ ਬਲਰਾਜ ਜੋਸ਼ੀ ਨੇ ਕਿਹਾ ਕਿ ਸਰਕਾਰ ਸਰਮਾਏਦਾਰਾਂ ਦੀ ਬੋਲੀ ਬੋਲਦਿਆਂ, ਭ੍ਰਿਸ਼ਟਾਚਾਰੀਆਂ ਦੀ ਹਮਾਇਤ ’ਚ ਉਤਰ ਆਈ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਕਨਵੀਨਰ ਤਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਸਕੂਲ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਨਿੱਤ ਨਵੀਂਆਂ ਸਕੀਮਾਂ ਘੜ ਰਹੀ ਹੈ। ਮਿਸ਼ਨ ਸਮਰੱਥ ਤੇ ਹੋਰ ਪ੍ਰਾਜੈਕਟਾਂ ਰਾਹੀਂ ਵਿਦਿਆਰਥੀਆਂ ਨੂੰ ਸਿਲੇਬਸ ਨਾਲ ਸਬੰਧਿਤ ਸਿੱਖਿਆ ਤੋਂ ਦੂਰ ਕਰ ਰਹੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਅਧਿਆਪਕ ਅਤੇ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ ਤੇ ਭ੍ਰਿਸ਼ਟ ਮੈਨੇਜਮੈਂਟ ਦੀ ਛੁੱਟੀ ਕੀਤੀ ਜਾਵੇ। ਅਧਿਆਪਕਾਂ ਨੂੰ ਯੋਗਤਾ ਮੁਤਾਬਕ ਤਨਖਾਹ, ਵਿਦਿਆਰਥੀਆਂ ਨੂੰ ਵਰਦੀਆਂਂ ਤੇ ਕਿਤਾਬਾਂ ਮੁਫ਼ਤ ਦਿੱਤੀਆਂ ਜਾਣ। ਧਰਨੇ ’ਚ ਦਵਿੰਦਰ ਸੀਲ, ਜਸਵਿੰਦਰ ਬਿਸ਼ਨਪੁਰਾ, ਹਰਦੇਵ ਘੱਗਾ, ਅਮਰੀਕ ਘੱਗਾ, ਅਵਤਾਰ ਜਾਹਲਾਂ, ਗੁਰਵੀਰ ਨੰਦਪੁਰ ਕੇਸ਼ੋ, ਸੁਖਵਿੰਦਰ ਸਵਾਜਪੁਰ, ਹਰਦੀਪ ਡਰੌਲੀ, ਸਨੇਹਦੀਪ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ, ਕਿਸਾਨ ਯੂਨੀਅਨ ਆਜ਼ਾਦ ਤੋਂ ਮਨਜੀਤ ਸਿੰਘ ਨਾਭਾ ਹਾਜ਼ਰ ਸਨ।