ਦੋਸਤ ਹੀ ਨਿਕਲਿਆ ਫਾਈਨਾਂਸਰ ਦਾ ਕਾਤਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਪਰੈਲ
ਇਥੇ ਪੁਰਾਣੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਨੇੜੇ ਬੀਤੀ 10/11 ਅਪਰੈਲ ਦੀ ਰਾਤ ਨੂੰ ਕਰੀਬ 11 ਵਜੇ ਫਾਈਨਾਂਸਰ ਤੇ ਪ੍ਰਾਪਰਟੀ ਡੀਲਰ ਮਹਿੰਦਰ ਸਿੰਘ ਮਾਮੂ ਵਾਸੀ ਤ੍ਰਿਪੜੀ ਏਰੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਅੱਜ ਪੁਲੀਸ ਨੇ ਮ੍ਰਿਤਕ ਦੇ ਦੋਸਤ ਹਨੀ ਵਧਵਾ ਵਾਸੀ ਬਾਜਵਾ ਕਲੋਨੀ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਲੋੜੀਂਦੇ ਦੂਜੇ ਮੁਲਜ਼ਮ ਦੀ ਹਾਲੇ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪੁੱਤਰ ਵੰਸ਼ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਤੇ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਤਿੰਨ ਮਹੀਨੇ ਪਹਿਲਾਂ ਹਨੀ ਵਧਵਾ ਦੇ ਪਿਤਾ ’ਤੇ ਮਹਿੰਦਰ ਮਾਮੂ ਦੀ ਮੌਜੂਦਗੀ ’ਚ ਕਿਸੇ ਨੇ ਹਮਲਾ ਕਰ ਦਿੱਤਾ ਸੀ। ਹਨੀ ਵਧਵਾ ਨੂੰ ਮਹਿੰਦਰ ਨਾਲ ਸ਼ਿਕਵਾ ਸੀ ਕਿ ਉਹ ਉਸ ਦੇ ਪਿਤਾ ਦੀ ਮਦਦ ਲਈ ਅੱਗੇ ਨਹੀਂ ਵਧਿਆ। ਵਾਰਦਾਤ ਵਾਲੀ ਰਾਤ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਤੇ ਹਨੀ ਵਧਵਾ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਮਹਿੰਦਰ ਮਾਮੂ ’ਤੇ ਤਿੰਨ ਗੋਲੀਆਂ ਦਾਗ਼ ਦਿਤੀਆਂ, ਜਿਨ੍ਹਾਂ ’ਚੋਂ ਇੱਕ ਉਸ ਦੀ ਛਾਤੀ ਅਤੇ ਇੱਕ ਸਿਰ ’ਚ ਲੱਗੀ ਤੇ ਉਸ ਦੀ ਮੌਤ ਹੋ ਗਈ। ਸੰਪਰਕ ਕਰਨ ’ਤੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਸਤਿਨਾਮ ਸਿੰਘ ਸੰਘਾ ਦਾ ਕਹਿਣਾ ਸੀ ਕਿ ਮੁਲਜ਼ਮ ਦੀ ਪੁੱਛ-ਪੜਤਾਲ ਦੌਰਾਨ ਸਥਿਤੀ ਸਪੱਸਟ ਹੋ ਜਾਵੇਗੀ।
ਵਾਰਦਾਤ ਵਾਲੀ ਰਾਤ ਦੋਵਾਂ ਨੇ ਪੀਤੀ ਸੀ ਸ਼ਰਾਬ
ਐੱਸਪੀ ਸਿਟੀ ਪਲਵਿੰਦਰ ਚੀਮਾ, ਡੀਐੱਸਪੀ ਸਤਿਨਾਮ ਸੰਘਾ ਤੇ ਥਾਣਾ ਲਾਹੌਰੀ ਗੇਟ ਦੇ ਮੁਖੀ ਗਗਨਦੀਪ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਮੌਕੇ ਦੋਵੇਂ ਸ਼ਰਾਬ ਪੀ ਰਹੇ ਸਨ ਤੇ ਇਸ ਦੌਰਾਨ ਹੀ ਉਨ੍ਹਾਂ ’ਚ ਬਹਿਸ ਹੋਈ। ਗ੍ਰਿਫ਼ਤਾਰ ਮੁਲਜ਼ਮ ਤੋਂ ਕਤਲ ਲਈ ਵਰਤਿਆ ਗਿਆ ਰਿਵਾਲਵਰ ਅਤੇ ਗੱਡੀ ਬਰਾਮਦ ਕਰ ਲਈ ਗਈ ਹੈ।