ਕੈਂਪ ਦੌਰਾਨ 550 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਅਪਰੈਲ
ਰੋਟਰੀ ਕਲੱਬ ਭਵਾਨੀਗੜ੍ਹ ਸਿਟੀ ਵੱਲੋਂ ਇੱਥੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਅੱਖਾਂ ਦਾ ਮੁਫਤ ਚੈਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ।
ਇਸ ਮੈਗਾ ਕੈਂਪ ਦਾ ਉਦਘਾਟਨ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਐਡਵੋਕੇਟ ਧਰਮਵੀਰ ਗਰਗ ਅਤੇ ਡੀਐੱਸਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਵੱਲੋਂ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਸੰਜੀਵ ਗਰਗ ਨੇ ਦੱਸਿਆ ਕਿ ਕੈਂਪ ਵਿੱਚ ਅੱਖ ਰੋਗਾਂ ਅਤੇ ਰੈਟੀਨਾ ਦੇ ਮਾਹਿਰ ਡਾ. ਬਲਵੀਰ ਖਾਨ ਦੀ ਅਗਵਾਈ ਹੇਠ ਟੀਮ ਵੱਲੋਂ 550 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਕੈਂਪ ਦੌਰਾਨ ਚਿੱਟਾ ਮੋਤੀਆਂ ਦੀ ਬਿਮਾਰੀ ਤੋਂ ਪੀੜਤ 104 ਮਰੀਜ਼ ਅਪਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦਾ ਕਲੱਬ ਵੱਲੋਂ ਮੁਫ਼ਤ ਅਪਰੇਸ਼ਨ ਕਰਵਾ ਕੇ ਲੈਨਜ਼ ਪਾਏ ਜਾਣਗੇ। ਇਸ ਤੋਂ ਇਲਾਵਾ ਘੱਟ ਨਿਗਾਹ ਵਾਲੇ ਮਰੀਜ਼ਾਂ ਨੂੰ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ।
ਡਾ. ਬਲਵੀਰ ਖਾਨ ਨੇ ਕਿਹਾ ਕਿ ਸ਼ੂਗਰ ਸਣੇ ਹੋਰ ਬਿਮਾਰੀਆਂ ਦੇ ਮਾੜੇ ਪ੍ਰਭਾਵ ਸਾਡੀਆਂ ਅੱਖਾਂ ਉਪਰ ਪੈ ਰਹੇ ਹਨ ਅਤੇ ਬੱਚਿਆਂ ’ਚ ਵੀ ਮੋਬਾਈਲ ਫੋਨ ਤੇ ਟੀਵੀ ਵੱਧ ਸਮਾਂ ਦੇਖਣ ਕਾਰਨ ਅੱਖਾਂ ਦੀ ਨਿਗਾਹ ਬਹੁਤ ਜ਼ਿਆਦਾ ਘੱਟ ਰਹੀ ਹੈ, ਜੋ ਕਿ ਵੱਡੀ ਚਿੰਤਾਂ ਦਾ ਵਿਸ਼ਾ ਹੈ।