ਮੰਡੌਰ ਪੁਲੀਸ ਮੁਕਾਬਲੇ ਦੀ ਨਿਰਪੱਖ ਜਾਂਚ ਮੰਗੀ
ਮੋਹਿਤ ਸਿੰਗਲਾ
ਨਾਭਾ, 26 ਅਪਰੈਲ
ਨਾਭਾ ਦੇ ਪਿੰਡ ਮੰਡੌਰ ਵਿਖੇ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਕਥਿਤ ਅਗਵਾਕਾਰ ਜਸਪ੍ਰੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਉਸ ਦੇ ਸੱਤ ਗੋਲੀਆਂ ਲੱਗੀਆਂ। ਇੱਕ ਗੋਲੀ ਮੱਥੇ 'ਤੇ, ਇੱਕ ਗਲੇ ’ਚ, ਦੋ ਪੇਟ ਵਿੱਚ, ਇੱਕ ਗੁੱਟ 'ਤੇ ਅਤੇ ਦੋ ਗੋਲੀਆਂ ਲੱਤਾਂ ਵਿੱਚ ਲੱਗੀਆਂ। ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਸਦੀ ਲੱਤ ਵਿੱਚ ਹੀ ਗੋਲੀਆਂ ਵੱਜ ਗਈਆਂ ਸਨ ਤਾਂ ਉਸ ਨੂੰ ਜਿਉਂਦਾ ਫੜਿਆ ਜਾ ਸਕਦਾ ਸੀ। ਮ੍ਰਿਤਕ ਦੇ ਪਰਿਵਾਰ ਨੇ ਮੰਡੌਰ ਪਿੰਡ, ਜਿਥੇ ਪੁਲੀਸ ਮੁਕਾਬਲਾ ਹੋਇਆ ਸੀ, ਉਥੇ ਜਾ ਕੇ ਪਿੰਡ ਵਾਸੀਆਂ ਨਾਲ ਵੀ ਗੱਲ ਕੀਤੀ। ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਜਾ ਕੇ ਉਨ੍ਹਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਕਿ ਪੁਲੀਸ ਮੁਕਾਬਲੇ ਦੀ ਨਿਰਪੱਖ ਜਾਂਚ ਲਾਜ਼ਮੀ ਹੈ। ਇਸ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਪੁਲੀਸ ਮੁਕਾਬਲੇ ਸਬੰਧੀ ਦੋ ਪੜਤਾਲਾਂ ਜਾਰੀ ਹਨ। ਇੱਕ ਪੜਤਾਲ ਪਟਿਆਲਾ ਐਸਪੀ ਡੀ ਗੁਰਬਖਸ਼ ਸਿੰਘ ਬੈਂਸ ਦੀ ਅਗਵਾਈ ਵਿੱਚ ਬਣੀ ਸਿੱਟ ਕਰ ਰਹੀ ਹੈ ਤੇ ਦੂਜੀ ਪੜਤਾਲ ਨਾਭਾ ਐਸਡੀਐਮ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 13 ਮਾਰਚ ਨੂੰ ਖੰਨੇ ਦੀ ਇੱਕ ਪਿੰਡ ਤੋਂ ਇੱਕ ਬੱਚੇ ਨੂੰ ਕਥਿਤ ਅਗਵਾ ਕਰਕੇ ਭੱਜੇ ਤਿੰਨ ਮੁਲਜ਼ਮਾਂ ਵਿੱਚੋ ਇੱਕ ਦੀ ਮੰਡੌਰ ਪਿੰਡ ਵਿੱਖੇ ਪੁਲੀਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ ਜਿਸ ਪਿੱਛੋਂ ਪੰਜਾਬ ਪੁਲੀਸ ਨੇ ਮੁਕਾਬਲੇ ਵਿੱਚ ਸ਼ਾਮਲ ਪੁਲੀਸ ਕਰਮੀਆਂ ਨੂੰ 10-10 ਲੱਖ ਰੁਪਏ ਇਨਾਮ ਅਤੇ ਤਰੱਕੀਆਂ ਦੇਣ ਦਾ ਐਲਾਨ ਵੀ ਕੀਤਾ ਸੀ।
ਬਿਨਾਂ ਪੜਤਾਲ ਇਨਾਮਾਂ ਦਾ ਐਲਾਨ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ: ਡੈਮੋਕ੍ਰੈਟਿਕ ਲਾਇਰਜ਼ ਐਸੋਸੀਏਸ਼ਨ
ਇਸ ਮੌਕੇ ਪੁਲੀਸ ਮੁਕਾਬਲੇ ਦੀ ਆਪਣੇ ਪੱਧਰ 'ਤੇ ਤੱਥ ਖੋਜ ਪੜਤਾਲ ਕਰ ਰਹੇ ਡੈਮੋਕ੍ਰੈਟਿਕ ਲਾਇਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਸੁਪਰੀਮ ਕੋਰਟ ਦਾ 2014 ਦਾ ਫੈਸਲਾ ਦਿਖਾਉਂਦੇ ਹੋਏ ਦੱਸਿਆ ਕਿ ਨਿਰਪੱਖ ਪੜਤਾਲ ਵਿੱਚ ਬਹਾਦਰੀ ਸਾਬਿਤ ਕੀਤੇ ਬਿਨਾਂ ਪੁਲੀਸ ਮੁਕਾਬਲਿਆਂ ਨੂੰ ਇਨਾਮ ਦੇਣ ’ਤੇ ਰੋਕ ਹੈ। ਐਡਵੋਕੇਟ ਰਾਜੀਵ ਲੋਹਟਬਧੀ ਨੇ ਦੱਸਿਆ ਕਿ ਇਥੇ ਤਾਂ ਐਨਕਾਊਂਟਰ ਤੋਂ ਦੋ ਘੰਟੇ ਬਾਅਦ ਹੀ ਇਨਾਮ ਐਲਾਨ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਆਪਣੀ ਰਿਪੋਰਟ ਜਲਦ ਹੀ ਪੇਸ਼ ਕਰੇਗੀ।