ਅੱਗ ਨਾਲ 25 ਏਕੜ ਨਾੜ ਸੜਿਆ
ਪੱਤਰ ਪ੍ਰੇਰਕ
ਸ਼ੇਰਪੁਰ, 2 ਮਈ
ਤੇਜ਼ ਤੂਫ਼ਾਨ ਦੌਰਾਨ ਘਨੌਰ ਖੁਰਦ ਦੇ ਖੇਤਾਂ ’ਚ ਲੱਗੀ ਅੱਗ ਨਾਲ 25 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਪਰ ਖਰੀਦ ਕੇਂਦਰ ਘਨੌਰ ਖੁਰਦ ਦੇ ਐਨ ਮੌਕੇ ’ਤੇ ਲੋਕਾਂ ਵੱਲੋਂ ਅੱਗ ’ਤੇ ਕਾਬੂ ਪਾ ਲੈਣ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਜਾਣਕਾਰੀ ਅਨੁਸਾਰ ਇਹ ਅੱਗ ਤੇਜ਼ ਤੂਫਾਨ ਤੋਂ ਬਾਅਦ ਬਮਾਲ ਦੇ ਖੇਤਾਂ ਦੀ ਤਰਫ਼ੋਂ ਘਨੌਰ ਖੁਰਦ ਵੱਲ ਤੇਜ਼ੀ ਨਾਲ ਅੱਗੇ ਵਧੀ ਤਾਂ ਲੋਕਾਂ ਨੇ ਮੁਸਤੈਦੀ ਵਿਖਾਉਂਦਿਆਂ ਪਾਣੀ ਦੇ ਪੰਪਾਂ ਨਾਲ ਜਿੱਥੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਉੱਥੇ ਦੋ ਪਾਸੇ ਖਿੰਡੀ ਅੱਗ ਨੂੰ ਅੱਗਿਉਂ ਟਰੈਕਟਰਾਂ ਨਾਲ ਵਾਹ ਕੇ ਰੋਕਿਆ। ਪਿੰਡ ਦੀ ਸਰਪੰਚ ਬੀਬੀ ਵਿੰਦਰਪਾਲ ਕੌਰ ਦੇ ਪਤੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਅੱਗ ਨਾਲ 25 ਏਕੜ ਤੋਂ ਵੱਧ ਨਾੜ ਸੜ ਗਿਆ ਹੈ ਅਤੇ ਉਨ੍ਹਾਂ ਨਾਲ ਲਗਦੀ ਇੱਕ ਫੈਕਟਰੀ ਵਿੱਚ ਹਰ ਸਮੇਂ ਫਾਇਰ ਬਿਗ੍ਰੇਡ ਦੀ ਗੱਡੀ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਗਤਾਰ ਸਿੰਘ ਘਨੌਰ ਨੇ ਦੱਸਿਆ ਕਿ ਇਸ ਅੱਗ ਨਾਲ ਵੀਹ ਤੋਂ ਵੱਧ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ ਜਿਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਸੇ ਤਰ੍ਹਾਂ ਘਨੌਰੀ ਕਲਾਂ ਦੇ ਬਾਦਸ਼ਾਹਪੁਰ ਰੋਡ ’ਤੇ ਕਿਸਾਨ ਨਛੱਤਰ ਸਿੰਘ ਘਨੌਰੀ ਦੇ ਖੇਤ ਵਿੱਚ ਅੱਗ ਲੱਗ ਜਾਣ ਨਾਲ ਤਕਰੀਬਨ ਦੋ ਏਕੜ ਤੋਂ ਵੱਧ ਨਾੜ ਮੱਚ ਜਾਣ ਦੀ ਖ਼ਬਰ ਹੈ।