ਕਿਸਾਨਾਂ ਦੇ ਵਿਰੋਧ ਕਾਰਨ ਵਿੱਤ ਮੰਤਰੀ ਦਾ ਪ੍ਰੋਗਰਾਮ ਰੱਦ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 16 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਦੇ ਵਿਰੋਧ ਕਾਰਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਆਪਣਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ। ਨਸ਼ਿਆਂ ਵਿਰੁੱਧ ਉਲੀਕੇ ਪ੍ਰੋਗਰਾਮ ਵਿੱਚ ਕਿਸਾਨਾਂ ਨੇ ਪਹਿਲਾਂ ਹੀ ਪਹੁੰਚ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੈਂਕੜਿਆਂ ਦੀ ਤਦਾਦ ਵਿੱਚ ਇਕੱਠੇ ਹੋਏ ਇਨ੍ਹਾਂ ਕਿਸਾਨਾਂ ਦੇ ਵਿਰੋਧ ਕਾਰਨ ਵਿੱਤ ਮੰਤਰੀ ਵਲੋਂ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਅਮਨਦੀਪ ਸਿੰਘ ਮਹਿਲਾਂ ਚੌਕ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਮਾੜਾ ਰਵੱਈਆ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਆਪਣੀਆਂ ਮੰਗਾਂ ਵਿੱਤ ਮੰਤਰੀ ਅੱਗੇ ਰੱਖਣੀਆਂ ਸਨ ਪਰ ਹਰਪਾਲ ਚੀਮਾ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਰੋਹ ਵਿੱਚ ਆਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਚਾਉਂਕੇ ਦੀ ਸਕੂਲ ਮੈਨੇਜਮੈਂਟ ਖ਼ਿਲਾਫ਼ ਸੂਬਾ ਸਰਕਾਰ ਵੱਲੋਂ ਕਾਰਵਾਈ ਨਾ ਕਰਨ, ਸਕੂਲ ਦੇ ਅਧਿਆਪਕਾਂ ਅਤੇ ਕਿਸਾਨਾਂ ਨੂੰ ਬਿਨਾਂ ਕਾਰਨ ਜ਼ੇਲ੍ਹਾਂ ’ਚ ਡੱਕਣ, ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਕਿਸਾਨਾਂ ਦੀ ਚੋਰੀ ਹੋਈਆਂ ਟਰਾਲੀਆਂ ਨੂੰ ਹਾਲੇ ਤੱਕ ਨਾ ਲੱਭਣ, ਅੱਗ ਦੀ ਭੇਟ ਚੜੀਆਂ ਫਸਲਾਂ ਦਾ ਯੋਗ ਮੁਆਵਜ਼ਾ ਕਿਸਾਨਾਂ ਨੂੰ ਹਾਲੇ ਤੱਕ ਨਾ ਦੇਣ ਜਿਹੇ ਸਵਾਲ ਸਰਕਾਰ ਅੱਗੇ ਰੱਖਣੇ ਸਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨ ਜਥੇਬੰਦੀਆਂ ਵਲੋਂ ਆਉਂਦੇ ਦਿਨਾਂ ਅੰਦਰ ਵੀ ਸੂਬੇ ਦੇ ਵਜ਼ੀਰਾਂ ਦਾ ਇਸੇ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ ਅਤੇ ਕਿਸਾਨੀ ਸਵਾਲਾਂ ਦੇ ਜਵਾਬ ਮੰਗੇਂ ਜਾਣਗੇ। ਇਸ ਮੌਕੇ ਹਰਜੀਤ ਸਿੰਘ ਮਹਿਲਾ, ਮਨਜੀਤ ਸਿੰਘ ਘਰਾਚੋਂ, ਜਸਵੰਤ ਸਿੰਘ ਤੋਲਾਵਾਲ, ਜਗਤਾਰ ਸਿੰਘ ਲੱਡੀ, ਭਰਪੂਰ ਸਿੰਘ ਮੌੜਾ, ਮਿਸ਼ਰਾ ਸਿੰਘ ਨਿਹਾਲਗੜ੍ਹ, ਚਰਨਜੀਤ ਸਿੰਘ ਘਨੌੜ ਸੰਤਪੁਰਾ ਅਤੇ ਔਰਤ ਆਗੂ ਜਸਵਿੰਦਰ ਕੌਰ ਮਹਿਲਾ ਤੇ ਭਰਪੂਰ ਕੌਰ ਮਹਿਲਾਂ ਵੀ ਹਾਜ਼ਰ ਸਨ।