ਰਾਖਵੀਂ ਜ਼ਮੀਨ ’ਚ ਹਿੱਸਾ ਨਾ ਮਿਲਣ ’ਤੇ ਰੋਸ
ਗੁਰਨਾਮ ਸਿੰਘ ਅਕੀਦਾ
ਪਟਿਆਲਾ 2 ਮਈ
ਪਿੰਡ ਵਾਸੀਆਂ ਨੇ ਡੀਡੀਪੀਓ ਪਟਿਆਲਾ ਉੱਤੇ ਨਾਭਾ ਕੋਲ ਪਿੰਡ ਕਕਰਾਲਾ ਦੀ ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਨਿਯਮਾਂ ਦੀ ਉਲੰਘਣਾ ਕਰ ਕੇ ਲਾਉਣ ਦਾ ਦੋਸ਼ ਲਾਇਆ ਹੈ ਜਿਸ ਦੇ ਵਿਰੋਧ ਵਿੱਚ ਪਿੰਡ ਕਕਰਾਲਾ ਦੇ ਦਲਿਤ ਪਰਿਵਾਰਾਂ ਵਿਚ ਭਾਰੀ ਰੋਸ ਪਾਇਆ ਗਿਆ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਦੀ ਗੈਰਹਾਜ਼ਰੀ ਵਿੱਚ ਐਸਡੀਐਮ ਪਟਿਆਲਾ ਗੁਰਦੇਵ ਸਿੰਘ ਨੂੰ ਡੀਸੀ ਪਟਿਆਲਾ ਦੇ ਨਾਮ, ਬੋਲੀ ਰੱਦ ਕਰਵਾਉਣ ਅਤੇ ਡੀਡੀਪੀਓ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਕੇ ਮੰਗ ਪੱਤਰ ਦਿੱਤਾ ਗਿਆ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਸਕੱਤਰ ਗੁਰਵਿੰਦਰ ਬੌੜਾਂ ਅਤੇ ਜਗਜੀਤ ਸਿੰਘ ਜੱਗੀ ਨੇ ਕਿਹਾ ਕਿ ਜਿੱਥੇ ਸਰਕਾਰ ਦਲਿਤਾਂ ਦੀਆਂ ਮੰਗਾਂ ਮੰਨਣ ਤੋਂ ਟਾਲ਼ਾ ਵੱਟ ਰਹੀ ਹੈ ਉੱਥੇ ਉਨ੍ਹਾਂ ਦੇ ਸਰਕਾਰੀ ਅਧਿਕਾਰੀ ਵੀ ਦਲਿਤਾਂ ਦੇ ਹਿੱਸੇ ਦੀਆਂ ਜ਼ਮੀਨਾਂ ਦੀ ਗ਼ਲਤ ਬੋਲੀ ਕਰਕੇ ਜ਼ਮੀਨਾਂ ਖੋਹ ਕੇ ਸਰਮਾਏਦਾਰ ਚੌਧਰੀਆਂ ਨੂੰ ਦੇਣ ਵਿੱਚ ਲੱਗੇ ਹੋਏ ਹਨ। ਜਦੋਂ ਕਿ ਪਿਛਲੇ ਸਾਲ ਪਟਿਆਲਾ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਵਿੱਚ ਪਿੰਡ ਮੰਡੋੜ, ਢੀਂਗੀ, ਬਨੇਰਾ ਖ਼ੁਰਦ, ਭੋਜੋਮਾਜਰੀ, ਕਕਰਾਲਾ ਆਦਿ ਪਿੰਡਾਂ ਦੀਆਂ ਪੰਚਾਇਤੀ ਰਿਜ਼ਰਵ ਜ਼ਮੀਨਾਂ ਪੂਰੀਆਂ ਕਰਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜ਼ਮੀਨਾਂ ਪੂਰੀਆਂ ਕਰਕੇ ਦੇਣ ਦੀ ਬਜਾਏ ਡੀਡੀਪੀਓ ਪਟਿਆਲਾ ਨੇ ਕਕਰਾਲਾ (ਨਾਭਾ) ਵਿਖੇ ਜ਼ਮੀਨ ਦੀ ਬੋਲੀ ਆਪਣੇ ਕੁਝ ਚਹੇਤਿਆਂ ਨੂੰ ਬੁਲਾਕੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਹਿੱਸੇ ਤੋਂ ਵੱਧ ਜ਼ਮੀਨ ਦਿੱਤੀ ਹੈ। ਇਸ ਮੌਕੇ ਸੀਤਾ ਸਿੰਘ, ਬਲਵੀਰ ਸਿੰਘ, ਹਰਿੰਦਰ ਦੀਪੀ, ਸੀਤਾ ਸਿੰਘ, ਗੱਗੀ ਆਦਿ ਨੇ ਵੀ ਸੰਬੋਧਨ ਕੀਤਾ। ਡੀਡੀਪੀਓ ਸਵਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਸਬੰਧੀ ਉਹ ਜਾਂਚ ਕਰਾਉਣਗੇ ਤੇ ਕਿਸੇ ਦਾ ਹੱਕ ਨਹੀਂ ਮਾਰਨ ਦਿੱਤਾ ਜਾਵੇਗਾ।