ਉਦਘਾਟਨ ਕਰਨ ਆਏ ਸਾਬਕਾ ਵਿਧਾਇਕ ਨੂੰ ਪੁਲੀਸ ਨੇ ਮੋੜਿਆ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 2 ਮਈ
ਪੁਰਾਣੇ ਜੀਟੀ ਰੋਡ ਰਾਜਪੁਰਾ ਦੇ ਰੇਲਵੇ ਫਾਟਕ ਨੰਬਰ ਇਕ ਏ ਉਪਰ ਓਵਰ ਬ੍ਰਿਜ ਦਾ ਕੰਮ ਮੁਕੰਮਲ ਹੋਣ ਉਪਰੰਤ ਅੱਜ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਹੋਰ ਸਮਰਥਕਾਂ ਸਮੇਤ ਉਦਘਾਟਨ ਦੀ ਰੱਖੀ ਤਰੀਕ ਤੋਂ ਪਹਿਲਾਂ ਉਦਘਾਟਨ ਕਰਨ ਪੁੱਜੇ। ਸਾਬਕਾ ਵਿਧਾਇਕ ਵੱਲੋਂ ਪੁਲ਼ ਦੇ ਉਦਘਾਟਨ ਦੀ ਭਿਣਕ ਪੈਣ 'ਤੇ ਲੋਕ ਨਿਰਮਾਣ ਵਿਭਾਗ ਅਤੇ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਲਾਂ ਵਿਚ ਹੀ ਪੁਲ਼ ਦਾ ਨਜ਼ਦੀਕੀ ਇਲਾਕਾ ਪੁਲੀਸ ਛਾਉਣੀ ਵਿਚ ਤਬਦੀਲ ਹੋ ਗਿਆ। ਸਬੰਧਿਤ ਵਿਭਾਗ ਅਤੇ ਪੁਲੀਸ ਨੇ ਪੁਲ਼ ਵਾਲ਼ੀ ਥਾਂ 'ਤੇ ਕਰੇਨਾਂ ਅਤੇ ਵਾਹਨ ਲਗਾ ਕੇ ਅੜਿੱਕੇ ਖੜ੍ਹੇ ਕਰ ਦਿੱਤੇ।
ਡੀਐਸਪੀ ਮਨਜੀਤ ਸਿੰਘ, ਐਸਐਚਓ ਥਾਣਾ ਸਿਟੀ ਰਾਜਪੁਰਾ ਕਿਰਪਾਲ ਸਿੰਘ ਮੋਹੀ ਅਤੇ ਐਸਐਚਓ ਬਨੂੜ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਆਈ ਪੁਲੀਸ ਫੋਰਸ ਨੇ ਸਾਬਕਾ ਵਿਧਾਇਕ ਨੂੰ ਉਦਘਾਟਨ ਵਾਲ਼ੀ ਥਾਂ ਤੋਂ ਵਾਪਸ ਭੇਜ ਦਿੱਤਾ। ਹਾਲਾਂ ਕਿ ਸਾਬਕਾ ਵਿਧਾਇਕ ਕੰਬੋਜ ਦਾ ਕਹਿਣਾ ਹੈ ਕਿ ਉਹ ਉਦਘਾਟਨ ਨਹੀਂ ਕੇਵਲ ਲੱਡੂ ਵੰਡਣ ਲਈ ਆਏ ਸਨ। ਦੱਸਣਯੋਗ ਹੈ ਕਿ ਲੋਕ ਨਿਰਮਾਣ ਵਿਭਾਗ ਨੇ ਉਦਘਾਟਨ ਦੀ ਤਰੀਕ 3 ਮਈ ਰੱਖੀ ਹੋਈ ਹੈ ਅਤੇ ਉਦਘਾਟਨ ਵਿਧਾਇਕਾ ਨੀਨਾ ਮਿੱਤਲ ਨੇ ਕਰਨਾ ਹੈ।
ਅੱਜ ਲਗਪਗ ਸ਼ਾਮ ਚਾਰ ਵਜੇ ਸਾਬਕਾ ਵਿਧਾਇਕ ਕੰਬੋਜ ਆਪਣੇ ਸਾਥੀਆਂ ਨਾਲ ਆਏ ਅਤੇ ਪੁਲ ਵੱਲ ਵਧਣ ਲੱਗੇ। ਪੁਲੀਸ ਨੇ ਸੁਰੱਖਿਆ ਘੇਰਾ ਬਣਾ ਕੇ ਸਾਬਕਾ ਵਿਧਾਇਕ ਨੂੰ ਅੱਗੇ ਨਹੀਂ ਵਧਣ ਦਿੱਤਾ। ਇਸ ਦੌਰਾਨ ਸਾਬਕਾ ਵਿਧਾਇਕ ਅਤੇ ਪੁਲੀਸ ਦੀ ਤਲਖਕਲਾਮੀ ਵੀ ਹੋਈ। ਸ੍ਰ੍ਰੀ ਕੰਬੋਜ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਇਸ ਨੂੰ ਮੌਜੂਦਾ ਸਰਕਾਰ ਅਤੇ ਪੁਲੀਸ ਦੀ ਧੱਕੇਸ਼ਾਹੀ ਦੱਸਿਆ। ਉਨ੍ਹਾਂ ਦੱਸਿਆ ਕਿ ਇਸ 26 ਕਰੋੜ ਦੀ ਲਾਗਤ ਨਾਲ ਬਣੇ ਇਸ ਪੁਲ਼ ਦਾ ਪ੍ਰਾਜੈਕਟ ਉਨ੍ਹਾਂ ਨੇ ਕਾਂਗਰਸ ਸਰਕਾਰ ਵੇਲੇ ਪਾਸ ਕਰਵਾਇਆ ਸੀ। ਅੱਜ ਉਹ ਇਸ ਪ੍ਰਾਜੈਕਟ ਦੇ ਪਾਸ ਹੋਣ 'ਤੇ ਇਲਾਕਾ ਵਾਸੀਆਂ ਨਾਲ ਖ਼ੁਸ਼ੀ ਸਾਂਝੀ ਕਰਨ ਲਈ ਆਏ ਸਨ ਪਰ ਪੁਲੀਸ ਨੇ ਉਨ੍ਹਾਂ ਵੱਲੋਂ ਲਿਆਂਦੇ ਲੱਡੂ ਵੀ ਖੋਹ ਕੇ ਲੁਕਾ ਲਏ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਨੇ ਇਕ ਵਾਰ ਪਹਿਲਾਂ ਵੀ (13 ਅਗਸਤ 2024 ਨੂੰ) ਕਾਲਕਾ ਰੋਡ 'ਤੇ ਬਣੇ ਓਵਰ ਬ੍ਰਿਜ ਦੀ ਮੁਰੰਮਤ ਪੂਰੀ ਹੋਣ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਸਮੇਂ ਤੋਂ ਦੋ ਘੰਟੇ ਪਹਿਲਾਂ ਹੀ ਉਦਘਾਟਨ ਕਰ ਦਿੱਤਾ ਸੀ ਜਦੋਂ ਵਿਧਾਇਕਾ ਨੀਨਾ ਮਿੱਤਲ ਵਿਦੇਸ਼ ਗਏ ਹੋਏ ਸਨ।