ਸੱਤਵੇਂ ਮਹੀਨੇ ਜੰਮੀ ਲੜਕੀ ਦੇ ਦਿਮਾਗ ਦਾ ਸਫਲ ਅਪਰੇਸ਼ਨ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਅਪਰੈਲ
ਪਟਿਆਲਾ ਜ਼ਿਲ੍ਹੇ ਦੇ ਪਿੰਡ ਨੌਗਾਵਾਂ ਦੇ ਜੰਮਪਲ ਡਾ. ਰਵੀ ਤੇਜ ਸਿੰਘ ਬੱਲ ਨੇ ਇੱਕ ਕਿੱਲੋ (ਢਾਈ ਪੌਂਡ) ਦੀ ਨਵਜਾਤ ਬੱਚੀ ਦੀ ਪਟਿਆਲਾ ਵਿਚਲੇ ‘ਅਨਿਲਜੀਤ ਚਾਈਲਡ ਕੇਅਰ ਐਂਡ ਮਲਟੀ ਸਪੈਸ਼ਿਲਟੀ ਹਸਪਤਾਲ’ ਵਿੱਚ ਅਪਰੇਸ਼ਨ ਕਰਕੇ ਜਾਨ ਬਚਾਈ ਹੈ। ਇਸ ਬੱਚੇ ਦੇ ਫੇਫੜੇ ਵੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਏ ਸਨ ਤੇ ਹੁਣ ਬੱਚੀ ਠੀਕ ਹੈ ਅਤੇ ਹੋਲੀ ਹੋਲੀ ਵਜ਼ਨ ਵੀ ਵੱਧ ਰਿਹਾ ਹੈ। ਦੱਸਣਯੋਗ ਹੈ ਕਿ ਰਵੀਤੇਜ ਸਿੰਘ ਬੱਲ ਨੇ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿੱਚੋਂ ਐਮਬੀਬੀਐਸ ਕੀਤੀ ਤੇ ਜੈਪੁਰ ਤੋਂ ਪੀਡੀਆਟਰਿਕ ਸਰਜਰੀ ਦੀ ਸੁਪਰ ਸਪੈਸ਼ਲਿਟੀ ਹਾਸਲ ਕੀਤੀ ਹੈ। ਇਸ ਹਸਪਤਾਲ ਦੇ ਐਮ.ਡੀ ਡਾ. ਅਨਿਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਹਿਮੂਦਪੁਰ ਦੇ ਸਾਬਕਾ ਸਰਪੰਚ ਸਤਵੰਤ ਸਿੰਘ ਮਹਿਮਦਪੁਰ ਦੀਆਂ ਜੌੜਾ ਪੋਤੀਆਂ ਸੱਤਵੇਂ ਮਹੀਨੇ ਦੌਰਾਨ ਹੀ ਪੈਦਾ ਹੋ ਗਈਆਂ ਤੇ ਦੋਵਾਂ ਦਾ ਵਜ਼ਨ ਲੋੜ ਤੋਂ ਕਾਫ਼ੀ ਘੱਟ ਸੀ। ਇਕ ਬੱਚੀ ਦੇ ਦਿਮਾਗ ’ਚ ਪਾਣੀ ਭਰਿਆ ਹੋਇਆ ਸੀ ਤੇ ਉਸ ਦੇ ਦਿਮਾਗ ਦਾ ਅਪਰੇਸ਼ਨ ਕੀਤਾ ਗਿਆ ਤੇ ਇਹ ਬੱਚੀ ਵੀ ਤੰਦਰੁਸਤ ਹੋ ਰਹੀ ਹੈ।