ਦੋ ਜਣੇ 17 ਕਿੱਲੋ ਭੁੱਕੀ ਸਣੇ ਗ੍ਰਿਫ਼ਤਾਰ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 30 ਅਪਰੈਲ
ਥਾਣਾ ਸਿਟੀ ਰਾਜਪੁਰਾ ਦੀ ਪੁਲੀਸ ਨੇ ਔਰਤ ਅਤੇ ਇਕ ਵਿਅਕਤੀ ਕੋਲੋਂ 17 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਏਐੱਸਆਈ ਪਰਮਜੀਤ ਸਿੰਘ ਨੇ ਸਮੇਤ ਪੁਲੀਸ ਪਾਰਟੀ ਮੇਨ ਜੀਟੀ ਰੋਡ ਨੇੜੇ ਮਿੱਡਵੇਅ ਢਾਬੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰਾਜਪੁਰਾ ਵਾਲੇ ਪਾਸੇ ਆਉਂਦੀ ਇੱਕ ਬੱਸ ਨਾਕੇ ਤੋਂ ਪਿੱਛੇ ਬੈਰੀਕੇਡ ਲੱਗੇ ਹੋਣ ਕਾਰਨ ਰੁਕੀ ਤਾਂ ਬੱਸ ਵਿੱਚੋਂ ਔਰਤ ਤੇ ਇਕ ਵਿਅਕਤੀ ਉਤਰਿਆ। ਉਨ੍ਹਾਂ ਹੱਥਾਂ ਵਿਚ ਪਲਾਸਟਿਕ ਦਾ ਇਕ ਬੈਗ ਫੜਿਆ ਹੋਇਆ ਸੀ। ਇਹ ਦੋਵੇਂ ਜਣੇ ਬੱਸ ਵਿਚੋਂ ਉਤਰ ਕੇ ਮੇਨ ਰੋਡ ਦੇ ਕਿਨਾਰੇ ਰਾਹੀਂ ਤੁਰ ਕ ਪਿੱਛੇ ਨੂੰ ਜਾਣ ਲੱਗੇ। ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰ ਕੇ 17 ਕਿੱਲੋ ਭੁੱਕੀ ਬਰਾਮਦ ਕੀਤੀ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੱਗੂ ਵਾਸੀ ਬਠਿੰਡਾ ਅਤੇ ਪਾਰੋ ਦੇਵੀ ਵਾਸੀ ਬਠਿੰਡਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਹੈਰੋਇਨ ਸਮੇਤ ਕਾਬੂ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸਥਾਨਕ ਸ਼ਹਿਰ ’ਚ ਸੀਆਈਏ ਸਟਾਫ ਸੰਗਰੂਰ ਦੀ ਪੁਲੀਸ ਨੇ ਇਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੀਆਈਏ ਸਟਾਫ ਸੰਗਰੂਰ ਦੇ ਸਹਾਇਕ ਥਾਣੇਦਾਰ ਪ੍ਰੇਮ ਸਿੰਘ ਵਲੋਂ ਸਮੇਤ ਪੁਲੀਸ ਪਾਰਟੀ ਗਸਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਸੀਤਾਸਰ ਮੰਦਿਰ ਸੁਨਾਮ ਤੋਂ ਸਰਹਿੰਦ ਚੋਅ ਦੇ ਨਾਲ-ਨਾਲ ਸੜਕ ’ਤੇ ਸਿਵਲ ਹਸਪਤਾਲ ਵੱਲ ਜਾਂਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤਾ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਜੱਗੀ ਵਾਸੀ ਸੁਨਾਮ ਵਜੋਂ ਹੋਈ ਹੈ। ਪੁਲੀਸ ਨੇ ਜੱਗੀ ਤੋਂ ਪੁੱਛ-ਪੜਤਾਲ ਉਪਰੰਤ ਸੰਗਰੂਰ ਸ਼ਹਿਰ ਦੀ ਲੱਖੋ ਨਾਂ ਦੀ ਇਕ ਔਰਤ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਹੈ।