ਪਿੰਡਾਂ ਦਾ ਉਜਾੜਾ ਰੋਕਣ ਲਈ ਇਕਜੁੱਟ ਹੋਣ ਦਾ ਸੱਦਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਜੂਨ
ਇੰਟਰਨੈਸ਼ਨਲਿਸਟ ਡੈਮੋਕ੍ਰੈਟਿਕ ਪਲੈਟਫਾਰਮ (ਆਈਡੀਪੀ) ਦਾ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਹੋਇਆ। ਇਸ ਨੂੰ ਸੰਬੋਧਨ ਕਰਦਿਆਂ ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਦੇਸ਼ ਅੰਦਰ ਫ਼ਿਰਕੂ ਨਫ਼ਰਤ ਪੈਦਾ ਕਰ ਕੇ ਬਦਅਮਨੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਦੇਸ਼ ਜੰਗ ਦੀ ਕਗਾਰ ’ਤੇ ਖੜ੍ਹਾ ਹੋਣ ਕਾਰਨ ਪੰਜਾਬ ਅਤੇ ਜੰਮੂ ਕਸ਼ਮੀਰ ਦਾ ਆਵਾਮ ਦੋਵਾਂ ਦੇਸ਼ਾਂ ਅੰਦਰ ਪੈਦਾ ਹੋ ਰਹੇ ਤਣਾਅ ਦੇ ਹੱਕ ਵਿੱਚ ਨਹੀਂ ਅਤੇ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਚਾਹੁੰਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਆਈਡੀਪੀ ਦੇ ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰਘਰਾਟ, ਸੂਬਾ ਖ਼ਜਾਨਚੀ ਫਲਜੀਤ ਸਿੰਘ ਤੇ ਸਹਾਇਕ ਸਕੱਤਰ ਮਨਪ੍ਰੀਤ ਰਾਜਪੁਰਾ ਨੇ ਕਿਹਾ ਕਿ ਸਰਕਾਰਾਂ 1974 ਦੇ ਸਜ਼ਾਵਾਂ ਦੇਣ ਵਾਲੇ ਕਾਨੂੰਨ ਵਿੱਚ ਬਦਲਾਅ ਕਰ ਕੇ ਹਵਾ ਅਤੇ ਪਾਣੀ ਨੂੰ ਪਲੀਤ ਕਰਨ ਦੀ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਦੇ ਕੇ ਆਮ ਲੋਕਾਂ ਨੂੰ ਮੌਤ ਦੇ ਮੂੰਹ ਧੱਕ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੁਦਰਤੀ ਵਸੀਲਿਆਂ ਤੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਫ਼ੈਸਲਾ ਤੁਰੰਤ ਵਾਪਸ ਲਵੇ। ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਨੇੜਲੇ ਪਿੰਡਾਂ ਦੀ ਤਕਰੀਬਨ 24 ਹਜ਼ਾਰ ਏਕੜ ਉਪਜਾਊ ਜ਼ਮੀਨ ਐਕੁਆਇਰ ਕਰ ਕੇ ਲੋਕਾਂ ਦਾ ਉਜਾੜਾ ਕਰਨ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਨ ਲਈ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਜਿਨ੍ਹਾਂ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਗ੍ਰਾਮ ਸਭਾ ਦੇ ਇਕੱਠ ਬੁਲਾ ਕੇ ਜ਼ਮੀਨ ਨਾ ਦੇਣ ਦੇ ਮਤੇ ਪਾਸ ਕਰ ਕੇ ਸਰਕਾਰ ਨੂੰ ਭੇਜਣੇ ਚਾਹੀਦੇ ਹਨ ਤਾਂ ਕਿ ਸਰਕਾਰ ਨੂੰ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ।
ਇਜਲਾਸ ਨੂੰ ਸੂਬਾ ਆਗੂ ਤਾਰਾ ਸਿੰਘ ਫੱਗੂਵਾਲਾ, ਇੰਦਰਜੀਤ ਸਿੰਘ ਧੂਰੀ ਤੇ ਚੰਦ ਸਿੰਘ ਰੋਗਲਾ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਅੱਠ ਮੈਂਬਰੀ ਜ਼ਿਲ੍ਹਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿੱਚ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਭਵਾਨੀਗੜ੍ਹ ਤੇ ਸਕੱਤਰ ਰਾਮ ਲਾਲ ਸੰਗਰੂਰ ਚੁਣੇ ਗਏ।