ਮੁਲਜ਼ਮ ਹੈਰੋਇਨ ਸਣੇ ਕਾਬੂ
ਲਹਿਰਾਗਾਗਾ: ਪੁਲੀਸ ਨੇ ਇੱਕ ਵਿਆਕਤੀ ਨੂੰ 15 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਥਾਣਾ ਸਦਰ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਜਸਵੀਰ ਸਿੰਘ ਪਿੰਡ ਖਾਈ ਤੋਂ ਪਿੰਡ ਅੜਕਵਾਸ ਨੂੰ ਜਾ ਰਹੇ ਸਨ। ਉਨ੍ਹਾਂ ਇੱਕ ਸ਼ੱਕੀ ਨੂੰ ਦੇਖਿਆ ਜੋ ਪੁਲੀਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਿਆ। ਉਸ ਨੇ ਆਪਣੀ ਲੋਅਰ ਦੀ ਖੱਬੀ ਜੇਬ ’ਚੋਂ ਕੱਢ ਕੇ ਲਿਫਾਫਾ ਸੁੱਟ ਦਿੱਤਾ। ਪੁਲੀਸ ਨੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਦੀ ਪਛਾਣ ਸਤਨਾਮ ਸਿੰਘ ਵਾਸੀ ਖੰਡੇਬਾਦ ਵਜੋਂ ਹੋਈ। ਉਸ ਵੱਲੋਂ ਸੁੱਟੇ ਲਿਫਾਫੇ ’ਚੋਂ 15 ਗਰਾਮ ਹੈਰੋਇਨ ਮਿਲੀ। ਪੁਲੀਸ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। -ਪੱਤਰ ਪ੍ਰੇਰਕ
ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ
ਲਹਿਰਾਗਾਗਾ: ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਤੇ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਜਗਸੀਰ ਸਿੰਘ ਉਰਫ਼ ਜੱਗੀ ਪੁੱਤਰ ਅਮੀਆ ਨੂੰ ਘਰ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ 25 ਬੋਤਲਾਂ ਸ਼ਰਾਬ ਜ਼ਬਤ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ
ਕੇਂਦਰ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ: ਕਾਕੜਾ
ਭਵਾਨੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਕਾਕੜਾ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਭਾਅ ਵਿੱਚ ਸਿਰਫ਼ 69 ਰੁਪਏ ਪ੍ਰਤੀ ਕੁਇੰਟਲ ਕੀਤੇ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ 2022 ਵਿੱਚ ਆਮਦਨ ਦੁੱਗਣੀ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਕੇਂਦਰ ਸਰਕਾਰ ਅਜਿਹਾ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਦੇ ਮੌਸਮ ਦੀ ਮਾਰ ਅਤੇ ਕਦੇ ਖਰੀਦ ਵੇਲੇ ਸਰਕਾਰਾਂ ਦੀ ਮਾਰ ਝੱਲਣੀ ਪੈਂਦੀ ਹੈ। ਮੌਸਮ ਦੀ ਮਾਰ ਕਾਰਨ ਕਿਸਾਨਾਂ ਨੂੰ ਕਦੇ ਕੋਈ ਮੁਆਵਜ਼ੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਅਣਦੇਖੀ ਕਾਰਨ ਹੀ ਮੌਜੂਦਾ ਸਮੇਂ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਤਾਂ ਕੀ ਦੇਣੀਆਂ ਸਨ ਬਲਕਿ ਉਨ੍ਹਾਂ ਦੀਆਂ ਜਾਇਜ਼ ਮੰਗਂ ਨੂੰ ਵੀ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਧੱਕੇ ਨਾਲ ਹਾਈਵੇਅ ਬਣਾਏ ਜਾ ਰਹੇ ਹਨ। -ਪੱਤਰ ਪ੍ਰੇਰਕ