ਘਨੌਰ ਕਲਾਂ ’ਚ ਪਾਈਪਲਾਈਨ ਪਾਉਣ ਦਾ ਪ੍ਰਾਜੈਕਟ ਸ਼ੁਰੂ
ਬੀਰਬਲ ਰਿਸ਼ੀ
ਧੂਰੀ, 30 ਅਪਰੈਲ
ਪੰਜਾਬ ਰਾਜ ਉਦਯੋਗ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਪਿੰਡ ਘਨੌਰ ਕਲਾਂ ਦੇ ਦੋ ਏਕੜ ਰਕਬੇ ਵਿੱਚ ਫੈਲੇ ਛੱਪੜ ਦੇ ਪਾਣੀ ਨਾਲ ਖੇਤਾਂ ਦੀ ਸਿੰਜਾਈ ਲਈ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਪ੍ਰਾਜੈਕਟ ਨਾਲ 170 ਏਕੜ ਰਕਬੇ ਦੀ ਸਿੰਜਾਈ ਕੀਤੀ ਜਾਵੇਗੀ। ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਸਮੱਸਿਆ ਸਰਪੰਚ ਜਸਵਿੰਦਰ ਸਿੰਘ ਘਨੌਰੀ ਤੇ ਸਮੂਹ ਪੰਚਾਇਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦੀ ਸੀ ਅਤੇ ਉਨ੍ਹਾਂ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਭੂਮੀ ਰੱਖਿਆ ਅਤੇ ਜਲ ਸੰਭਾਲ ਵਿਭਾਗ ਨੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 21.25 ਲੱਖ ਦੇ ਇਸ ਪ੍ਰਾਜੈਕਟ ਨਾਲ ਜ਼ਮੀਨਦੋਜ਼ ਪਾਈਪਾਂ ਰਾਹੀਂ ਪਾਣੀ ਕਿਸਾਨਾਂ ਦੇ ਖੇਤਾਂ ਨੂੰ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਸਰਪੰਚ ਜਸਵਿੰਦਰ ਸਿੰਘ ਘਨੌਰ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਮੰਡਲ ਭੂਮੀ ਰੱਖਿਆ ਅਫਸਰ ਕੇਸ਼ਵ ਕੁਮਾਰ ਨੇ ਦੱਸਿਆ ਕਿ ਇਸ ਛੱਪੜ ਵਿੱਚੋਂ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਸਾਢੇ ਸੱਤ ਹਾਰਸ ਪਾਵਰ ਦਾ ਸੋਲਰ ਪੰਪ ਮੋਟਰ ਨਾਲ ਚੱਲੇਗਾ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਬਲਾਕ ਪ੍ਰਧਾਨ, ਆਗੂ ਸੰਦੀਪ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ ਘਨੌਰੀ ਕਲਾਂ, ਗੁਰੂਘਰ ਪ੍ਰਧਾਨ ਇਕਬਾਲ ਸਿੰਘ, ਕਲੱਬ ਪ੍ਰਧਾਨ ਨਿਰਮਲ ਸਿੰਘ, ਡਾਕਟਰ ਮਾੜੂ ਦਾਸ ਤੇ ਮਾਸਟਰ ਗੁਰਮੇਲ ਸਿੰਘ ਆਦਿ ਹਾਜ਼ਰ ਸਨ।