ਗੁਰੂ ਅੰਗਦ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਲਿਖਾਈ ਮੁਕਾਬਲੇ
ਸੰਗਰੂਰ, 30 ਅਪਰੈਲ
ਇੱਥੋਂ ਦੇ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਗੁਰੂ ਅੰਗਦ ਦੇਵ ਦੇ ਪ੍ਰਕਾਸ਼ ਪੁਰਬ ਨੂੰ ਗੁਰਮੁਖੀ ਦਿਹਾੜੇ ਵਜੋਂ ਮਨਾਉਣ ਹਿੱਤ ਵਿਸ਼ੇਸ਼ ਸਮਾਗਮ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਵੱਲੋਂ ਕਰਵਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਜਸਵਿੰਦਰ ਸਿੰਘ ਪ੍ਰਿੰਸ ਮੁਖੀ ਤਾਲਮੇਲ ਕਮੇਟੀ, ਚਰਨ ਸਿੰਘ ਅਤੇ ਹਰਭਜਨ ਸਿੰਘ ਭੱਟੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਪੈਂਤੀ ਅੱਖਰੀ, ਦਸ ਗੁਰੂ ਸਾਹਿਬਾਨ, ਪੰਜ ਪਿਆਰੇ, ਚਾਰ ਸਾਹਿਬਜ਼ਾਦਿਆਂ ਦੇ ਨਾਮ ਲਿਖਣ ਦੇ ਸੁੰਦਰ ਲਿਖਾਈ ਮੁਕਾਬਲੇ ਮਿੰਨੀ ਗਰੁੱਪ ਪ੍ਰਾਇਮਰੀ, ਜੂਨੀਅਰ ਗਰੁੱਪ ਅਤੇ ਸੀਨੀਅਰ ਗਰੁੱਪ ਦੇ ਆਧਾਰ ’ਤੇ ਕਰਵਾਏ ਗਏ, ਜਿਨ੍ਹਾਂ ਵਿੱਚ ਲਗਪਗ 100 ਵਿਦਿਆਰਥੀਆਂ ਨੇ ਹਿੱਸਾ ਲਿਆ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਅਤੇ ਜਵਾਬ ਦੇਣ ਵਾਲੇ ਨੂੰ ਮੌਕੇ ’ਤੇ ਹੀ ਇਨਾਮ ਦਿੱਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਵਸੰਤ ਵੈਲੀ ਪਬਲਿਕ ਸਕੂਲ ਲੱਡਾ ਦੇ ਵਿਦਿਆਰਥੀਆਂ ਦੀ ਚੜ੍ਹਤ ਰਹੀ। ਗਰੁੱਪਾਂ ਅਨੁਸਾਰ ਜੇਤੂਆਂ ਨੂੰ ਸਟੱਡੀ ਸਰਕਲ ਵੱਲੋਂ ਸੋਨ, ਚਾਂਦੀ, ਕਾਂਸੀ ਦੇ ਮੈਡਲ, ਯਾਦਗਾਰੀ ਚਿੰਨ, ਸਟੇਸ਼ਨਰੀ ਦਾ ਸਾਮਾਨ ਇਨਾਮ ਦੇਣ ਦੀ ਰਸਮ ਪ੍ਰਿੰਸੀਪਲ ਜੋਗਾ ਸਿੰਘ ਤੂਰ, ਰਾਵਿੰਦਰ ਸਿੰਘ ਦਿੜ੍ਹਬਾ, ਪ੍ਰਿੰਸੀਪਲ ਰੰਜਨ ਗੁਪਤਾ, ਪਰਮਿੰਦਰ ਕੌਰ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆਂ ਨੇ ਨਿਭਾਈ। ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ ਇਨਾਮ ਵੀ ਦਿੱਤੇ ਗਏ।