ਬਾਰਦਾਨੇ ਦੇ ਗੁਦਾਮ ਵਿੱਚ ਅੱਗ ਲੱਗੀ
ਪਵਨ ਕੁਮਾਰ ਵਰਮਾ
ਧੂਰੀ, 11 ਅਪਰੈਲ
ਸ਼ਹਿਰੋਂ ਬਾਹਰ ਦੋਹਲਾ ਰੇਲਵੇ ਫਾਟਕਾਂ ਨੇੜੇ ਸਥਿਤ ਇੱਕ ਬਾਰਦਾਨਾ ਗੁਦਾਮ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਮਿਲੀ ਜਾਣਕਾਰੀ ਅਨੁਸਾਰ ਬਾਰਦਾਨਾ ਗੁਦਾਮ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਪਟਾਕਾ ਪੈਣ ਦੀ ਆਵਾਜ਼ ਸੁਣੀ ਅਤੇ ਜਦੋਂ ਗੁਦਾਮ ਦੇ ਨੇੜੇ ਜਾ ਕੇ ਦੇਖਿਆ ਤਾਂ ਗੁਦਾਮ ’ਚੋਂ ਧੂਆ ਨਿਕਲ ਰਿਹਾ ਸੀ ਅਤੇ ਕੁੱਝ ਸਮੇਂ ਵਿੱਚ ਹੀ ਧੂਆ ਅੱਗ ਦੀਆਂ ਲਪਟਾਂ ਵਿੱਚ ਬਦਲ ਗਿਆ, ਜਿਸ ਤੋਂ ਬਾਅਦ ਅਸੀਂ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਅਤੇ ਕੁੱਝ ਹੀ ਸਮੇਂ ਵਿੱਚ ਫਾਇਰ ਬਿਗ੍ਰੇਡ ਦੇ ਅਮਲੇ ਨੇ ਮੌਕਾ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ।
ਗੁਦਾਮ ਵਿੱਚ 15 ਸਾਲਾਂ ਤੋਂ ਕੰਮ ਕਰਦੇ ਰਾਮ ਪ੍ਰਵੇਸ਼ ਸ਼ਾਹ ਨੇ ਬਿਜਲੀ ਦੇ ਸ਼ਾਟ ਸਰਕਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਅੱਗ ਲੱਗਣ ਦੀ ਘਟਨਾ ਨਾਲ ਬਾਰਦਾਨੇ ਦੀਆਂ ਬੋਰੀਆਂ ਤੇ ਥੈਲੇ ਸੜ ਗਏ ਹਨ, ਜਿਸ ਨਾਲ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਲਈ ਯੋਗ ਮੁਆਵਜ਼ੇ ਦੀ ਮੰਗ ਵੀ ਕੀਤੀ।
ਉਧਰ ਮੁੱਖ ਮੰਤਰੀ ਕੈਂਪਸ ਦਫ਼ਤਰ ਦੇ ਇੰਚਾਰਜ ਤੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਭਰੌਸਾ ਦਿਵਾਇਆ ਕਿ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ।