‘ਆਪ’ ਸਰਕਾਰ ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ: ਅਰੋੜਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਪਰੈਲ
ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਜ਼ਿਲ੍ਹਾ ਪੱਧਰੀ ਸਮਾਗਮ ਦੇ ਰੂਪ ਵਿੱਚ ਸਰਕਾਰੀ ਰਣਬੀਰ ਕਾਲਜ ਵਿਖੇ ਮਨਾਇਆ ਗਿਆ, ਜਿਸ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕੀਤੀ। ਇਸ ਤੋਂ ਪਹਿਲਾਂ ਡੀਸੀ ਕੰਪਲੈਕਸ ਵਿਖੇ ਸਥਿਤ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਉੱਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਕੈਬਨਿਟ ਵਿੱਚ 6 ਐੱਸਸੀ ਮੰਤਰੀਆਂ ਨੂੰ ਸ਼ਾਮਲ ਕਰਦਿਆਂ ਮਾਣ ਸਨਮਾਨ ਦੇਣ ਦੇ ਨਾਲ ਨਾਲ ਏਜੀ ਆਫਿਸ ਵਿੱਚ ਪਹਿਲੀ ਵਾਰ ਰਿਜ਼ਰਵੇਸ਼ਨ ਨੂੰ ਲਾਜ਼ਮੀ ਬਣਾਉਣ ਅਤੇ ਐੱਸਸੀ ਸਕਾਲਰਸ਼ਿਪ ਦੀ ਖੱਜਲ-ਖੁਆਰੀ ਮੁਕਤ ਵੰਡ ਨੂੰ ਯਕੀਨੀ ਬਣਾਉਣ ਵਿੱਚ ‘ਆਪ’ ਸਰਕਾਰ ਸਫਲ ਸਾਬਤ ਹੋਈ ਹੈ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਦੇ ਸਿੱਖਿਆ ਦੇ ਸਿਧਾਂਤ ਉੱਤੇ ਕਾਇਮ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਰਿਆਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਵੀ ਚੁਕਾਈ।
ਇਸੇ ਦੌਰਾਨ ਵੱਖ-ਵੱਖ ਥਾਈਂ ਸਮਾਗਮ ਕਰਕੇ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁਲਟ ਦੀ ਅਗਵਾਈ ਹੇਠ ਇਥੇ ਡਾ. ਅੰਬੇਡਕਰ ਦੀ ਪ੍ਰਤਿਮਾ ਉਪਰ ਫੁੱਲ੍ਹ ਮਾਲਾਵਾਂ ਅਰਪਿਤ ਕੀਤੀਆਂ। ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸੁਰਿੰਦਰਪਾਲ ਸਿੰਘ ਸਿਬੀਆ ਦੀ ਅਗਵਾਈ ਹੇਠ ਸਮਾਗਮ ਕਰਵਾਇਆ। ਭਗਵਾਨ ਵਾਲਮੀਕਿ ਸਰੋਵਰ ਕਮੇਟੀ ਵਲੋਂ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਵੀ ਚਾਵਲਾ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ ਅਤੇ ਬਾਬਾ ਸਾਹਿਬ ਦੇ ਚਰਨਾਂ ਵਿੱਚ ਫੁੱਲ ਭੇਟ ਕਰਦਿਆਂ ਖੁਸ਼ੀ ਵਿੱਚ ਲੱਡੂ ਵੰਡੇ ਗਏ। ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਅਤੇ ਡਾਇਰੈਕਟਰ ਡਾ. ਦਿਨੇਸ਼ ਗਰੋਵਰ ਦੀ ਅਗਵਾਈ ਹੇਠ ਮੈਂਬਰਾਂ ਨੇ ਲੱਡੂ ਵੰਡੇ। ਇਸ ਤੋਂ ਇਲਾਵਾ ਭਾਈਚਾਰਕ ਤਾਲਮੇਲ ਮੰਚ ਵਲੋਂ ਡਾ. ਅੰਬੇਡਕਰ ਦਾ ਜਨਮ ਦਿਹਾੜਾ ਸੁਰਜੀਤ ਸਿੰਘ ਕਾਲੀਆ ਦੀ ਅਗਵਾਈ ਹੇਠ ਮਨਾਇਆ ਜਿਸ ਵਿਚ ਚੌਧਰੀ ਸੂਬੇ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਰਾਮ ਪ੍ਰਕਾਸ਼ ਨੇ ਕੀਤੀ।
ਪਟਿਆਲਾ (ਪੱਤਰ ਪ੍ਰੇਰਕ): ਖੱਬੇ ਪੱਖੀ ਮੁਲਾਜ਼ਮ ਜਥੇਬੰਦੀ ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਦੇ ਜ਼ਿਲ੍ਹਾ ਦਫ਼ਤਰ ਰਾਜਪੁਰਾ ਕਲੋਨੀ ਵਿਖੇ ਅੰਬੇਡਕਰ ਜੈਅੰਤੀ ਮਨਾਈ। ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 134ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਨਰੇਸ਼ ਕੁਮਾਰ ਦੁੱਗਲ, ਗੋਪਾਲ ਸਿੰਗਲਾ, ਰਾਜੇਸ਼ ਮੰਡੋਰਾ, ਰਜਨੀ ਬਿਡਲਾਨ, ਹਨੀ ਵੜੈਚ, ਅਮਰਜੀਤ ਸਹੋਤਾ ਨੇ ਕਿਹਾ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਜ਼ਿਲ੍ਹਾ ਕਾਂਗਰਸ ਨੇ ਮੀਟਿੰਗ ਵੀ ਕੀਤੀ।
ਸਮਾਣਾ (ਪੱਤਰ ਪ੍ਰੇਰਕ): ਅੰਬੇਡਕਰ ਚੌਕ ’ਚ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਬਾਲਮੀਕੀ ਤੇ ਰਵਿਦਾਸ ਕਮੇਟੀਆਂ ਨੇ ਸਮਾਗਮ ਕਰਵਾਇਆ, ਜਿੱਥੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਹਰਜਿੰਦਰ ਸਿੰਘ ਮਿੰਟੂ, ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਡਾ ਮਦਨ ਮਿੱਤਲ, ਗੋਪਾਲ ਕ੍ਰਿਸ਼ਨ ਗਰਗ, ਰਵੀ ਕੁਮਾਰ ਟਿੰਮਾ, ਸੁਰਜੀਤ ਸਿੰਘ ਦਈਆ, ਕਾਂਗਰਸ ਵਲੋਂ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਬੀਬਾ ਗੁਰਸ਼ਰਨ ਕੌਰ ਰੰਧਾਵਾ, ਰਛਪਾਲ ਸਿੰਘ ਜੌੜਾਮਾਜਰਾ, ਕਾਂਗਰਸ ਆਗੂ ਸੰਦੀਪ ਸਿੰਗਲਾ, ਪਰਮਜੀਤ ਸਿੰਘ ਸਮਾਣਾ, ਪਰਮਿੰਦਰ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ, ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਭਾਜਪਾ ਵਲੋਂ ਮਹਾਰਾਣੀ ਪ੍ਰਨੀਤ ਕੌਰ, ਸੁਰਿੰਦਰ ਸਿੰਘ ਖੇੜਕੀ, ਮਪ੍ਰਦਮਨ ਸਿੰਘ ਵਿਰਕ, ਹਰਮੇਸ਼ ਡਕਾਲਾ, ਬਲਵਿੰਦਰ ਸਿੰਘ, ਅਕਾਲੀ ਦਲ ਬਾਦਲ ਵਲੋਂ ਜਥੇਦਾਰ ਅਮਰਜੀਤ ਸਿੰਘ ਪੰਜਰਥ, ਸਮਾਜ ਸੇਵੀ ਕਰਨ ਕੌੜਾ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼ਿਰਕਤ ਕੀਤੀ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਡਾ. ਬੀਆਰ ਅੰਬੇਡਕਰ ਚੇਤਨਾ ਮੰਚ ਵੱਲੋਂ ਅੰਬੇਡਕਰ ਜੈਅੰਤੀ ਮਨਾਈ ਗਈ। ਡਾ. ਅੰਬੇਡਕਰ ਪਾਰਕ ਵਿੱਚ ਇਕੱਠ ਨੂੰ ਮੁੱਖ ਮਹਿਮਾਨ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੰਬੋਧਨ ਕੀਤਾ। ਸਮਾਗਮ ਦੇ ਮੁੱਖ ਬੁਲਾਰੇ ਡਾ. ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਅੰਬੇਡਕਰ ਦੀ ਸਮਾਜ ਲਈ ਦੇਣ ਬਾਰੇ ਦੱਸਿਆ। ਡਾ. ਇਨਾਇਤ ਅਲੀ ਨੇ ‘ਸੁਪਨਿਆਂ ਦੀ ਮੌਤ’ ਨਾਟਕ ਖੇਡਿਆ।
ਧੂਰੀ (ਖੇਤਰੀ ਪ੍ਰਤੀਨਿਧ): ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ’ਤੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਉਨ੍ਹਾਂ ਦੇ ਬੁੱਤ ’ਤੇ ਫੁੱਲਾਂ ਦਾ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮਹਾਂਵੀਰ ਕੌਂਸਲਰ, ਦਰਸ਼ਨ ਦਰਸੀ, ਬਲਵੰਤ ਸਿੰਘ, ਕੇਸੂ ਪ੍ਰਧਾਨ, ਚੀਨਾ ਰਾਮ ਸੁਰਿੰਦਰ ਕੁਮਾਰ, ਬਿੰਦਰ ਸਿੰਘ ਹਾਜ਼ਰ ਸਨ।
ਇਸੇ ਤਰ੍ਹਾਂ ਬੱਸ ਅੱਡੇ ’ਤੇ ਸਾਬਕਾ ਕੌਂਸਲਰ ਆਸਾ ਰਾਣੀ ਲੱਧੜ ਨੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਦੀ ਗੱਲ ਕਹੀ।
ਅੰਬੇਡਕਰ ਦਾ ਦ੍ਰਿਸ਼ਟੀਕੋਣ ਸਾਰੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ: ਬਲਬੀਰ
ਮਾਲੇਰਕੋਟਲਾ (ਪੱਤਰ ਪ੍ਰੇਰਕ): ਡਾ. ਬੀਆਰ ਅੰਬੇਡਕਰ ਦਾ 134ਵਾਂ ਜਨਮ ਦਿਵਸ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਮਨਾਇਆ ਗਿਆ। ਇਸ ਸਮਾਰੋਹ ਵਿੱਚ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਦ੍ਰਿਸ਼ਟੀਕੋਣ ਸਾਰੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਚਾਨਣ ਮੁਨਾਰਾ ਹੈ। ਸਮਾਜਿਕ ਸਮਾਨਤਾ ਅਤੇ ਸਸ਼ਕਤੀਕਰਨ ਲਈ ਡਾ. ਅੰਬੇਡਕਰ ਦੇ ਅਣਥੱਕ ਯਤਨਾਂ ਨੇ ਭਾਰਤੀ ਸਮਾਜ ’ਤੇ ਅਮਿੱਟ ਛਾਪ ਛੱਡੀ ਹੈ। ਡੀਸੀ ਵਿਰਾਜ ਐੱਸ ਤਿੜਕੇ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਡਾ. ਅੰਬੇਡਕਰ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਅਤੇ ਜਸਵੰਤ ਸਿੰਘ ਗੱਜਣਮਾਜਰਾ ਨੇ ਵੀ ਸੰਬੋਧਨ ਕੀਤਾ। ਸਿਹਤ ਮੰਤਰੀ ਨੇ ਸ਼ਗਨ ਸਕੀਮ ਅਤੇ ਸਕਾਲਰਸ਼ਿਪ ਸਕੀਮ ਤਹਿਤ ਸਰਟੀਫਿਕੇਟ ਵੀ ਵੰਡੇ। ਇਸ ਮੌਕੇ ਐੱਸਐੱਸਪੀ ਗਗਨ ਅਜੀਤ ਸਿੰਘ, ਬੀਬਾ ਫਰਿਆਲ ਰਹਿਮਾਨ, ਗੈਰੀ ਮਲਹੋਤਰਾ ਆਸਟ੍ਰੇਲੀਆ, ਏਡੀਸੀ ਸੁਖਪ੍ਰੀਤ ਸਿੰਘ ਸਿੱਧੂ, ਐਸਡੀਐਮ ਹਰਬੰਸ ਸਿੰਘ, ਸਹਾਇਕ ਕਮਿਸ਼ਨਰ (ਜੀ) ਗੁਰਮੀਤ ਕੁਮਾਰ ਬਾਂਸਲ ਅਤੇ ਚੇਅਰਮੈਨ ਮਾਰਕੀਟ ਕਮੇਟੀ ਜਾਫ਼ਰ ਅਲੀ ਹਾਜ਼ਰ ਸਨ।
ਮਹਿਲਾ ਮਜ਼ਦੂਰ ਆਗੂ ਦੇ ਭਾਸ਼ਣ ’ਤੇ ਵਿਧਾਇਕ ਨੂੰ ਇਤਰਾਜ਼
ਨਾਭਾ (ਮੋਹਿਤ ਸਿੰਗਲਾ): ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਇੱਕ ਸਮਾਗਮ ਵਿੱਚ ਆਪਣੇ ਭਾਸ਼ਣ ਦੌਰਾਨ ਮਹਿਲਾ ਮਜ਼ਦੂਰ ਆਗੂ ਅਤੇ ਨਾਭਾ ਵਿਧਾਇਕ ਦੇਵ ਮਾਨ ਦੇ ਭਾਸ਼ਣ ਦੀ ਵੀਡੀਓ ਸੋਸ਼ਲ ਮੀਡਿਆ ’ਤੇ ਵਾਇਰਲ ਹੋ ਰਹੀ ਹੈ। ਨਾਭਾ ਦੇ ਪਿੰਡ ਸੁਧੇਵਾਲ ਵਿਖੇ ਪੰਜਾਬ ਟਰੇਡ ਯੂਨੀਅਨ ਫੈਡਰੇਸ਼ਨ ਵੱਲੋਂ ਕਰਵਾਏ ਸਮਾਗਮ ਵਿਚ ਡੈਮੋਕ੍ਰੈਟਿਕ ਮਨਰੇਗਾ ਫ਼ਰੰਟ ਦੀ ਪਟਿਆਲਾ ਪ੍ਰਧਾਨ ਕੁਲਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਸੀ। ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਦਲਿਤ ਵਰਗ ਆਪਣੇ ਬੱਚਿਆਂ ਨੂੰ ਸਕੂਲ ਕਾਲਜ ਦੀ ਪੜ੍ਹਾਈ ਕਰਾਉਣ ਦੇ ਨਾਲ ਨਾਲ ਆਪਣੇ ਹੱਕਾਂ ਵਾਸਤੇ ਸੰਵਿਧਾਨਕ ਤਰੀਕੇ ਨਾਲ ਸੰਘਰਸ਼ ਕਰਨਾ ਵੀ ਲਾਜ਼ਮੀ ਸਿਖਾਉਣ ਕਿਉਂਕਿ ਸਿਆਸੀ ਨੁਮਾਇੰਦੇ ਹੁਣ ਸਮਾਜ ਦੇ ਦੱਬੇ ਕੁਚਲੇ ਵਰਗ ਦੀ ਆਵਾਜ਼ ਵਿਧਾਨ ਸਭਾ ਵਿਚ ਨਹੀਂ ਚੁੱਕਦੇ। ਮੌਕੇ ’ਤੇ ਹਾਜ਼ਰ ਨਾਭਾ ਵਿਧਾਇਕ ਨੇ ਆਪਣੇ ਸੰਬੋਧਨ ਦੌਰਾਨ ਅਸਿੱਧੇ ਤੌਰ ‘ਤੇ ਜਥੇਬੰਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, ‘‘ਕੁਝ ਲੋਕ ਵਧੀਆ ਕੱਪੜੇ ਪਾ ਕੇ ਤੁਹਾਨੂੰ ਵਰਗਲਾ ਕੇ ਐਸਡੀਐਮ ਜਾਂ ਡੀਸੀ ਦਫਤਰ ਧਰਨੇ ‘ਤੇ ਲੈ ਜਾਂਦੇ ਹਨ ਤੇ ਤੁਹਾਡੇ ਕੋਲੋਂ ਪੈਸੇ ਇਕੱਠੇ ਕਰਦੇ ਹਨ ਤਾਂ ਇਹ ਕੋਈ ਸੰਘਰਸ਼ ਨਹੀਂ ਹੁੰਦਾ। ਕੇਵਲ ਪੜ੍ਹਾਈ ਹੀ ਤੁਹਾਡੇ ਬੱਚਿਆਂ ਦੀ ਗ਼ਰੀਬੀ ਦੂਰ ਕਰ ਸਕਦੀ ਹੈ, ਮਨਰੇਗਾ ਦਾ ਕੀ ਹੈ, ਇਹ ਤਾਂ ਸਰਕਾਰ ਕਿਸੇ ਸਮੇਂ ਬੰਦ ਵੀ ਕਰ ਸਕਦੀ ਹੈ, ਫੇਰ ਕੀ ਕਰੋਗੇ?’’
ਨੌਜਵਾਨਾਂ ਵੱਲੋਂ ਪਿੰਡਾਂ ਵਿੱਚ ਮੋਟਰਸਾਈਕਲ ਰੈਲੀ
ਡਕਾਲਾ (ਮਾਨਵਜੋਤ ਭਿੰਡਰ): ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਦੀ ਯਾਦ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਮੋਟਰਸਾਈਕਲ ਜਾਗਰੂਕਤਾ ਰੈਲੀ ਕੱਢੀ। ਇਹ ਰੈਲੀ ਨੇੜਲੇ ਪਿੰਡ ਮਰਦਾਂਹੇੜੀ ਤੋਂ ਸ਼ੁਰੂ ਹੋ ਕੇ ਸਥਾਨਕ ਡਕਾਲਾ ਕਸਬਾ ’ਚੋਂ ਹੁੰਦੀ ਹੋਈ ਬਠੋਈ ਕਲਾਂ, ਬਠੋਈ ਖੁਰਦ, ਚੂਹੜ ਪੁਰ ਤੇ ਰਾਮ ਨਗਰ ਉਰਫ ਨਵਾਂ ਨਗਰ ਆਦਿ ਦਰਜਨਾਂ ਪਿੰਡਾਂ ਵਿੱਚੋਂ ਹੋ ਕੇ ਬਲਬੇੜਾ ਵਿਖੇ ਸਥਿਤ ਡੇਰਾ ਬਾਬਾ ਬਖਤਾ ਨਾਥ ਵਿਖੇ ਸਮਾਪਤ ਹੋਈ। ਰੈਲੀ ਦੀ ਅਗਵਾਈ ਨਰੇਗਾ ਫਰੰਟ ਯੂਨੀਅਨ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬਠੋਈ, ਮੀਤ ਪ੍ਰਧਾਨ ਸ਼ੇਰੂ ਰਾਮ ਕਰਹਾਲੀ ਸਾਹਿਬ, ਗੁਰੂ ਰਵਿਦਾਸ ਕਮੇਟੀ ਕਰਹਾਲੀ ਸਾਹਿਬ ਦੇ ਪ੍ਰਧਾਨ ਜਸਵੀਰ ਸਿੰਘ ਤੇ ਖਜਾਨਚੀ ਕਰਮਜੀਤ ਸਿੰਘ ਡੰਡੋਆ ਨੇ ਕੀਤੀ। ਇਸ ਮੌਕੇ ਅਵਤਾਰ ਸਿੰਘ ਕੈਂਥ, ਦਰਸ਼ਨ ਸਿੰਘ ਕਟਾਰੀਆ, ਗੁਰਪ੍ਰੀਤ ਸਿੰਘ ਬਠੋਈ, ਹਰਦੀਪ ਸਨੌਰ, ਸ਼ਹੀਦ ਭਗਤ ਸਿੰਘ ਮਿਸ਼ਨ ਦੇ ਆਗੂ ਭਗਵੰਤ ਸਿੰਘ ਘੱਗਾ, ਹੰਸ ਰਾਜ ਬਠੋਈ ਤੇ ਬਿੰਦਰ ਸਿੰਘ ਡਕਾਲਾ ਤੋਂ ਇਲਾਵਾ ਹੋਰ ਨੌਜਵਾਨਾਂ ਨੇ ਹਾਜ਼ਰੀ ਲਵਾਈ।