ਅਧਿਆਪਕ ਜਥੇਬੰਦੀਆਂ ਨੇ ਮੰਗਾਂ ਬਾਰੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜਿਆ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਸੌਂਪੇ ਮੰਗ ਪੱਤਰ
ਸਰਬਜੀਤ ਸਿੰਘ ਭੰਗੂ/ਗੁਰਦੀਪ ਸਿੰਘ ਲਾਲੀ
ਪਟਿਆਲਾ/ਸੰਗਰੂਰ, 11 ਅਪਰੈਲ
ਪੰਜਾਬ ਸਰਕਾਰ ਵੱਲੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ-ਮਸਲਿਆਂ ਦਾ ਵਾਜਿਬ ਹੱਲ ਨਾ ਕਰਨ ਦੇ ਨਾਲ-ਨਾਲ ਰੀਕਾਸਟ ਸੂਚੀਆਂ ਦੇ ਨਾਂ ਹੇਠ ਨਵੀਂ ਮੈਰਿਟ ਵਿੱਚੋਂ 3704 ਮਾਸਟਰ ਅਤੇ 6635 ਈਟੀਟੀ ਭਰਤੀਆਂ ਦੇ ਸੈਂਕੜੇ ਅਧਿਆਪਕਾਂ ਨੂੰ ਬਾਹਰ ਕਰਕੇ ਗਹਿਰੀ ਪ੍ਰੇਸ਼ਾਨੀ ਵਿੱਚ ਧੱਕ ਦਿੱਤਾ ਗਿਆ ਹੈ। ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੇ ਫੈਸਲੇ ਤਹਿਤ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.), 6635 ਈਟੀਟੀ ਟੀਚਰਜ਼ ਯੂਨੀਅਨ, 4161 ਮਾਸਟਰ ਕਾਡਰ ਯੂਨੀਅਨ ਵੱਲੋਂ ਅੱਜ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਮੰਗ ਪੱਤਰ ਡੀਈਓ (ਸੈਕੰਡਰੀ) ਤਰਵਿੰਦਰ ਕੌਰ ਅਤੇ ਡਿਪਟੀ ਡੀਈਓ (ਐਲੀਮੈਂਟਰੀ) ਰਵਿੰਦਰ ਕੌਰ ਨੂੰ ਦਿੱਤੇ ਗਏ।
ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਾਜਬ ਮੰਗਾਂ ਦਾ ਹੱਲ ਨਾ ਹੋਇਆ ਤਾਂ 18 ਅਪਰੈਲ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਚਿਤਾਵਨੀ ਮਾਰਚ ਕੱਢਿਆ ਜਾਵੇਗਾ ਅਤੇ 10 ਮਈ ਨੂੰ ਲੁਧਿਆਣਾ (ਪੱਛਮੀ) ਹਲਕੇ ਵਿੱਚ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, 6635 ਈ.ਟੀ.ਟੀ. ਯੂਨੀਅਨ ਦੇ ਦੀਪ ਬਨਾਰਸੀ, 4161 ਮਾਸਟਰ ਯੂਨੀਅਨ ਦੇ ਸੰਦੀਪ ਗਿੱਲ ਅਤੇ 3704 ਭਰਤੀ ਦੇ ਗਗਨਦੀਪ ਕੁਮਾਰ ਨੇ ਮੰਗ ਕੀਤੀ ਕਿ ਨਿਯੁਕਤੀ ਸੂਚੀਆਂ ਰਿਕਾਸਟ ਹੋਣ ਕਾਰਨ ਸੂਚੀ ਵਿੱਚੋਂ ਬਾਹਰ ਕੀਤੇ ਵੱਖ-ਵੱਖ ਕਾਡਰਾਂ ਦੇ ਸੈਕੜੇ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਪੂਰਨ ਸੁਰੱਖਿਅਤ ਕੀਤਾ ਜਾਵੇ। ਇਸ ਮਾਮਲੇ ਵਿੱਚ 3704 ਕਾਡਰ ਨੂੰ ਜਾਰੀ ਨੋਟਿਸ ਮੁੱਢੋਂ ਰਦ ਕੀਤੇ ਜਾਣ । ਆਪਣੇ ਘਰਾਂ ਤੋਂ ਸੈਕੜੇ ਕਿਲੋਮੀਟਰ ਦੂਰ ਸੇਵਾਵਾਂ ਨਿਭਾਅ ਰਹੇ 6635 ਈਟੀਟੀ, 4161 ਤੇ 2392 ਮਾਸਟਰ, ਪੱਖਪਾਤੀ ਸਟੇਸ਼ਨ ਚੋਣ ਨੀਤੀ ਦਾ ਸ਼ਿਕਾਰ ਈਟੀਟੀ ਤੋਂ ਮਾਸਟਰ ਅਤੇ ਮਾਸਟਰ ਤੋਂ ਲੈਕਚਰਾਰ ਪ੍ਰੋਮੋਟਡ ਅਧਿਆਪਕਾਂ ਅਤੇ ਛੋਟ ਪ੍ਰਾਪਤ ਕੈਟੇਗਰੀਆਂ ਲਈ ਬਿਨਾਂ ਸ਼ਰਤ ਬਦਲੀ ਦਾ ਵਿਸ਼ੇਸ਼ ਮੌਕਾ ਦੇਣ ਅਤੇ ਬਾਕੀ ਅਧਿਆਪਕਾਂ ਲਈ ਵੀ 'ਆਮ ਬਦਲੀਆਂ-2025’ ਦੀ ਪ੍ਰੀਕਿਰਿਆ ਸ਼ੁਰੂ ਕਰਨ ਅਤੇ ਸਾਰੀਆਂ ਵਾਜਬ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ।
ਇਸ ਮੌਕੇ ਮੇਘ ਰਾਜ ਲਹਿਰਾ, ਕਰਮਜੀਤ ਸਿੰਘ ਨਦਾਮਪੁਰ, ਕੁਲਵੰਤ ਖਨੌਰੀ, ਰਾਜ ਸੈਣੀ, ਬਲਵਿੰਦਰ ਚੀਮਾ, ਡਾ. ਕੁਲਦੀਪ ਸਤੌਜ, ਕੰਵਲਜੀਤ ਸਿੰਘ, ਸੁਖਬੀਰ ਸਿੰਘ, ਮੈਡਮ ਸਵਾਤੀ, ਮੈਡਮ ਪਿੰਕੀ, ਮੈਡਮ ਗੁਰਮੀਤ ਕੌਰ, ਕੁਲਵੰਤ ਕੌਰ ਖਨੌਰੀ, ਲਖਵਿੰਦਰ ਸਿੰਘ, ਕ੍ਰਿਸ਼ਨ ਚੰਦ, ਜਸਵੀਰ ਸਿੰਘ, ਮਨਜੀਤ ਲਹਿਰਾ, ਅਸ਼ਵਨੀ ਲਹਿਰਾ, ਰਵੀ ਬਾਵਾ, ਸੁਖਬੀਰ ਖਨੌਰੀ, ਰਮਨਦੀਪ ਕੁਮਾਰ, ਜਸਵੀਰ ਸਿੰਘ ਤੇ ਹੋਰ ਹਾਜ਼ਰ ਸਨ।