ਦਲਿਤ ਜਥੇਬੰਦੀਆਂ ਨੇ ਗੁਰਪਤਵੰਤ ਸਿੰਘ ਦਾ ਪੁਤਲਾ ਫੂਕਿਆ
ਰਾਜਪੁਰਾ, 6 ਅਪਰੈਲ
ਖ਼ਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਹਟਾਉਣ ਦੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਰਾਜਪੁਰਾ ਵਿੱਚ ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਂਝੇ ਤੌਰ ’ਤੇ ਅੰਬੇਦਕਰ ਚੌਕ ਵਿੱਚ ਇਕੱਠ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਸ ਦਾ ਪੁਤਲਾ ਫੂਕਿਆ।
ਪ੍ਰਧਾਨ ਹੰਸ ਰਾਜ ਬਨਵਾੜੀ ਅਤੇ ਬਸਪਾ ਆਗੂ ਰਜਿੰਦਰ ਸਿੰਘ ਚਪੜ ਨੇ ਕਿਹਾ ਕਿ ਪੰਨੂ ਦੇ ਬਿਆਨ ਦੇਣ ਤੋਂ ਬਾਅਦ ਲਗਾਤਾਰ ਫਿਲੌਰ ਅਤੇ ਬਟਾਲਾ ਵਿੱਚ ਡਾ. ਅੰਬੇਡਕਰ ਦੀਆਂ ਮੂਰਤੀਆਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਕਾਰਨ ਸਮੁੱਚੇ ਦਲਿਤ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਬਹੁਜਨ ਸਮਾਜ ਡਾ. ਅੰਬੇਦਕਰ ਦਾ ਅਪਮਾਨ ਸਹਿਣ ਨਹੀਂ ਕਰੇਗਾ ਇਸ ਲਈ ਪੰਨੂ ਵਰਗੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਯੋਗ ਕਦਮ ਚੁੱਕਿਆ ਜਾਵੇ। ਇਸ ਮੌਕੇ ਸੁਸ਼ੀਲ ਕੁਮਾਰ, ਕੁਲਦੀਪ ਹਰਪਾਲਪੁਰ, ਕੁਲਦੀਪ ਸਿੰਘ ਸੂਰੋ, ਗੁਰਦਾਸ ਸਿੰਘ ਘੜਾਮਾ, ਹਰਮੇਸ਼ ਖ਼ਾਨਪੁਰ, ਜਸਵੀਰ ਸਿੰਘ ਖਡੋਲੀ,ਸੰਜੇ ਬਨਵਾੜੀ, ਅਨੁ ਟਾਰਗੈਟ ਕਮਲ ਕੁਮਾਰ ਪੱਪੂ ਸਣੇ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਹਿੱਸਾ ਲਿਆ।