ਨਾਜਾਇਜ਼ ਕਬਜ਼ੇ ਵਾਲੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਦੀ ਮੰਗ
ਪਟਿਆਲਾ, 6 ਅਪਰੈਲ
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਵਕਫ਼ (ਸੰਸ਼ੋਧਨ) ਬਿੱਲ 2025 ਦਾ ਸਮਰਥਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਭਰ ਵਿੱਚ ਵਕਫ਼ ਬੋਰਡ ਦੀਆਂ ਸੰਮਤੀਆਂ ਦੀ ਹਰ ਪੰਜ ਸਾਲਾਂ ਵਿੱਚ ਲਾਜ਼ਮੀ ਗਿਣਤੀ (ਜਾਂਚ) ਕਰਵਾਈ ਜਾਵੇ। ਉਨ੍ਹਾਂ ਦੋਸ਼ ਲਾਏ ਕਿ ਦੇਸ਼ ਵਿੱਚ ਲੱਖਾਂ ਏਕੜ ਜ਼ਮੀਨ ਵਕਫ਼ ਬੋਰਡ ਦੇ ਨਾਂ ਦਰਜ ਹੈ, ਜਿਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਦੀਆਂ ਸੰਮਤੀਆਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਉਹ ਬਿਨਾਂ ਕੋਈ ਪਾਰਦਰਸ਼ੀ ਪ੍ਰਕਿਰਿਆ ਦੇ ਨਿੱਜੀ ਲੋਕਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਵਿਜੇ ਕਪੂਰ ਨੇ ਖ਼ਾਸ ਤੌਰ ’ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਵਕਫ਼ ਬੋਰਡ ਕੋਲ ਸਿਰਫ਼ ਅੰਮ੍ਰਿਤਸਰ ਵਿੱਚ ਹੀ ਲਗਭਗ 1,400 ਸੰਮਤੀਆਂ ਹਨ, ਜਿਨ੍ਹਾਂ ਦੀ ਕੀਮਤ ਸੈਂਕੜੇ ਕਰੋੜ ਰੁਪਏ ਵਿੱਚ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਇਹ ਸੰਮਤੀਆਂ ਧਾਰਮਿਕ ਸੰਸਥਾਵਾਂ ਦੇ ਨਾਂ ਹਨ, ਤਾਂ ਫਿਰ ਆਮ ਲੋਕਾਂ ਦੇ ਸਰੋਤਾਂ ’ਤੇ ਭਾਰ ਕਿਉਂ ਪਾਇਆ ਜਾ ਰਿਹਾ ਹੈ। ਵਿਜੇ ਕਪੂਰ ਨੇ ਮੰਗ ਕੀਤੀ ਕਿ ਜਿਨ੍ਹਾਂ ਵਕਫ਼ ਸੰਮਤੀਆਂ ’ਤੇ ਨਾਜਾਇਜ਼ ਕਬਜ਼ਾ ਪਾਇਆ ਜਾਵੇ, ਉਨ੍ਹਾਂ ਨੂੰ ਤੁਰੰਤ ਖ਼ਾਲੀ ਕਰਵਾਇਆ ਜਾਵੇ ਅਤੇ ਉਸ ਨੂੰ ਰਾਜ ਦੀ ਸੰਪਤੀ ਐਲਾਨੀ ਜਾਵੇ।