ਸੰਘਣੀ ਆਬਾਦੀ ਵਾਲੀ ਥਾਂ ’ਚ ਕਬਾੜ ਦੇ ਗੁਦਾਮ ਨੂੰ ਅੱਗ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 3 ਅਪਰੈਲ
ਇਥੇ ਨਰਵਾਣਾ ਰੋਡ ’ਤੇ ਸੰਘਣੀ ਆਬਾਦੀ ਵਿੱਚ ਸਥਿਤ ਗੁਦਾਮ ਵਿੱਚ ਰੱਖੇ ਕਬਾੜ ਨੂੰ ਅਚਾਨਕ ਅੱਗ ਲੱਗ ਗਈ। ਗੁਦਾਮ ਵਿੱਚ ਪਿਆ ਸਾਮਾਨ ਸੜ ਗਿਆ ਜਦੋਂ ਕਿ ਜਾਨੀ ਨੁਕਸਾਨ ਤੋਂ ਬਚਾਅ ਹੈ। ਮੌਕੇ ’ਤੇ ਪਹੁੰਚੇ ਡੇਰਾ ਸੱਚਾ ਸੌਦਾ ਸਿਰਸਾ ਦੇ ਗਰੀਨ ਵੈੱਲਫੇਅਰ ਫੋਰਸ ਦੇ ਵਾਲੰਟੀਅਰਾਂ, ਨਗਰ ਕੌਂਸਲ ਪਾਤੜਾਂ ਦੇ ਕਰਮਚਾਰੀ ਅਤੇ ਪੁਲੀਸ ਨੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਹਾਲਾਂਕਿ, ਫਾਇਰ ਬ੍ਰਿਗੇਡ ਦੀ ਗੱਡੀ ਦੇਰੀ ਨਾਲ ਪਹੁੰਚੀ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਫ਼ੈਲ ਗਿਆ। ਨਰਵਾਣਾ ਰੋਡ ’ਤੇ ਓਮ ਪ੍ਰਕਾਸ਼ ਦੇ ਗੁਦਾਮ ’ਚ ਰੱਖੇ ਕਬਾੜ ਨੂੰ ਅਚਾਨਕ ਅੱਗ ਲੱਗ ਗਈ। ਦੁਪਹਿਰ ਸਮੇਂ ਵਾਪਰੀ ਘਟਨਾ ਦਾ ਪਤਾ ਲੱਗਣ ’ਤੇ ਅਫਰਾ-ਤਫਰੀ ਮੱਚ ਗਈ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਕੁਝ ਹੀ ਸਮੇਂ ਵਿੱਚ ਅੱਗ ’ਤੇ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਦੀ ਗੱਡੀ ਕਾਫੀ ਪਛੜ ਕੇ ਆਉਣ ’ਤੇ ਲੋਕਾਂ ’ਚ ਰੋਸ ਹੈ। ਦੱਸਣਯੋਗ ਹੈ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰਬੰਧ ਨਹੀਂ ਹੈ। ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਕਿ ਜਲਦੀ ਹੀ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦਾ ਪ੍ਰਬੰਧ ਕੀਤਾ ਜਾਵੇਗਾ।