ਡੱਲੇਵਾਲ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਅਪਰੈਲ
ਕਿਸਾਨੀ ਮੰਗਾਂ ਦੀ ਪੂਰਤੀ ਲਈ 26 ਨਵੰਬਰ ਤੋਂ ਮਰਨ ਵਰਤ ’ਤੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡਲੇਵਾਲ ਨੂੰ ਅੱਜ ਪਟਿਆਲਾ ਵਿਚਲੇ ਨਿੱਜੀ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਇਸ ਮਗਰੋਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੇ ਹੋਰ ਆਗੂ ਉਨ੍ਹਾਂ ਨੂੰ ਇੱਕ ਕਾਫ਼ਲੇ ਰਾਹੀਂ ਲੈ ਕੇ ਰਵਾਨਾ ਹੋਏ। ਛੁੱਟੀ ਤੋਂ ਪਹਿਲਾਂ ਡਾਕਟਰ ਮਨਜੀਤ ਸਿੰਘ ਅਤੇ ਹੋਰ ਡਾਕਟਰਾਂ ਨੇ ਬੁੱਕੇ ਭੇਟ ਕਰਕੇ ਡੱਲੇਵਾਲ ਦਾ ਸਵਾਗਤ ਕੀਤਾ, ਜਦਕਿ ਬਾਹਰ ਕਿਸਾਨ ਆਗੂਆਂ ਨੇ ਸਵਾਗਤ ਕੀਤਾ। ਇਸੇ ਦੌਰਾਨ ਪਾਰਕ ਹਸਪਤਾਲ ਪਟਿਆਲਾ ਦੇ ਕੰਸਲਟੈਂਟ ਇੰਟਰਨਲ ਮੈਡੀਸਨ ਡਾ. ਪਵਿੱਤਰ ਸਿੰਘ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 23 ਮਾਰਚ ਨੂੰ ਜਲੰਧਰ ਤੋਂ ਪਾਰਕ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾ ਦੀ ਦੇਖਭਾਲ ਕਰਨ ਵਾਲੇ ਡਾ. ਪਵਿੱਤਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਭਰਤੀ ਹੋਣ ਸਮੇਂ ਡੱਲੇਵਾਲ ਦੀ ਹਾਲਤ ਦਰੁਸਤ ਨਹੀਂ ਸੀ। ਉਨ੍ਹਾਂ ਹੋਰ ਦੱਸਿਆ ਕਿ ਉਹ 27 ਮਾਰਚ ਤੱਕ 4 ਦਿਨ ਆਈਸੀਯੂ ਵਿੱਚ ਰਹੇ ਤੇ ਅੱਜ ਛੁੱਟੀ ਦੇ ਸਮੇਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ 120/80 ਅਤੇ ਸੈਚੁਰੇਸ਼ਨ 100 ਫੀਸਦੀ ਸੀ। ਉਧਰ ਹਸਪਤਾਲ ਤੋਂ ਰਵਾਨਾ ਹੋਣ ਤੋਂ ਪਹਿਲਾਂ ਪਾਰਕ ਹਸਪਤਾਲ ਦੇ ਰਿਸੈਪਸ਼ਨ ’ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੱਲੇਵਾਲ ਨੇ ਸ਼ੰਭੂ ਬਾਰਡਰ ’ਤੇ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਇਸ ਨੁਕਸਾਨ ਦੀ ਸਰਕਾਰ ਭਰਪਾਈ ਕਰੇ ਅਤੇ ਸਾਮਾਨ ਚੋਰੀ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਕੀਤਾ ਜਾਵੇ।