ਪਾਰਕ ਦੀ ਜਗ੍ਹਾ ’ਚ ਬਣਾਈ ਬੇਸਮੈਂਟ ਤੋੜ ਕੇ ਨਿਗਮ ਨੇ ਲਿਆ ਕਬਜ਼ਾ
ਪਟਿਆਲਾ (ਖੇਤਰੀ ਪ੍ਰਤੀਨਿਧ): ਵਿਧਾਇਕ ਅਜੀਤਪਾਲ ਕੋਹਲੀ ਦੀ ਅਗਵਾਈ ਹੇਠ ਸਥਾਨਕ ਗੁਰਦੇਵ ਨਗਰ ਵਾਰਡ ਨੰਬਰ 41 ਵਿਖੇ ਲੋਕਾਂ ਨੂੰ ਨਵਾਂ ਪਾਰਕ ਮਿਲਿਆ ਹੈ। 500 ਗਜ਼ ’ਤੇ ਆਧਾਰਿਤ ਇਸ ਪਾਰਕ ਦੀ ਥਾਂ ’ਤੇ ਕਿਸੇ ਨੇ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਕੌਂਸਲਰ ਦੇ ਪਤੀ ਅੰਮ੍ਰਿਤਪਾਲ ਸਿੰਘ ਪਾਲੀ ਦੀ ਮਿਹਨਤ ਸਦਕਾ ਕਬਜ਼ਾ ਛੁਡਵਾ ਕੇ ਨਿਗਮ ਦੇ ਸਪੁਰਦ ਕੀਤਾ ਗਿਆ ਹੈ। ਪਾਲੀ ਦਾ ਕਹਿਣਾ ਸੀ ਕਿ ਇਸ ਪਾਰਕ ’ਤੇ ਇੱਕ ਵਿਅਕਤੀ ਨੇ ਤਾਂ ਬੇਸਮੈਂਟ ਵੀ ਬਣਾਈ ਹੋਈ ਸੀ ਤੇ ਕੁਝ ਨੇ ਪਾਰਕ ਵੱਲ ਦਰਵਾਜ਼ੇ ਕੱਢੇ ਹੋਏ ਸਨ। ਇਸ ਲਈ ਹੁਣ ਨਗਰ ਅਧਿਕਾਰੀਆਂ ਦੀ ਮੌਜੂਦਗੀ ਤੇ ਵਿਧਾਇਕ ਅਜੀਤਪਾਲ ਕੋਹਲੀ ਦੀ ਅਗਵਾਈ ਹੇਠ ਇਸ ਪਾਰਕ ਦਾ ਕਬਜ਼ਾ ਲੇਂਦਿਆਂ ਬੇਸਮੈਂਟ ਤੋੜ ਕੇ ਬਰਾਬਰ ਕਰ ਦਿੱਤੀ ਹੈ। ਜਦਕਿ ਲੋਕਾਂ ਵੱਲੋਂ ਕੱਢੇ ਦਰਵਾਜ਼ੇ ਬੰਦ ਕਰਕੇ ਨਿਗਮ ਨੇ ਪਾਰਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਇੱਕ ਹੋਰ ਪਾਰਕ, ਜੋ 225 ਗਜ਼ ਦਾ ਹੈ, ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪਾਰਕ ਵਿਚ ਝੂਲੇ ਅਤੇ ਬੈਠਣ ਲਈ ਕੁਰਸੀਆਂ ਲਗਾ ਕੇ ਸ਼ਾਨਦਾਰ ਤਰੀਕੇ ਨਾਲ ਬਣਾਇਆ ਜਾਵੇਗਾ। ਪਾਲੀ ਨੇ ਦੱਸਿਆ ਕਿ ਦੂਜੇ ਪਾਰਕ ਵਿੱਚ ਕਰੀਬ 500 ਗਜ ਵਿਚ ਜਿਮ ਅਤੇ ਬੈਂਚ ਲਗਾ ਕੇ ਨਾਲ ਹੀ ਲੋਕਾਂ ਦੇ ਬੈਠਣ ਲਈ ਘਾਹ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਜਾਣਗੇ।