ਚੰਦੂਮਾਜਰਾ ਦੀ ਰਿਹਾਇਸ਼ ’ਤੇ ਪੁੱਜੀ ਅਕਾਲੀ ਦਲ ਦੀ ਭਰਤੀ ਕਮੇਟੀ
ਖੇਤਰੀ ਪ੍ਰਤੀਨਿਧ
ਪਟਿਆਲਾ, 31 ਮਾਰਚ
ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਗਠਿਤ ਕੀਤੀ ਗਈ ਸੱਤ ਮੈਂਬਰੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ (ਹੁਣ ਪੰਜ ਹੀ ਹਨ) ਦੇ ਪੰਜੇ ਮੈਂਬਰ ਅੱਜ ਇੱਥੇ ਹਲਕਾ ਸਨੌਰ ਦੇ ਅਧੀਨ ਪੈਂਦੇ ਚੌਰਾ ਪਿੰਡ ਵਿਚਲੀ ਇੱਕ ਕਲੋਨੀ ’ਚ ਸਥਿਤ ਚੰਦੂਮਾਜਰਾ ਪਰਿਵਾਰ ਦੀ ਰਿਹਾਇਸ਼ ’ਤੇ ਪੁੱਜੇ। ਇਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਆਗੂਆਂ ਨੇ ਕਮੇਟੀ ਮੈਂਬਰਾਂ, ਸਰਵਸ੍ਰੀ ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾਂ, ਸੰਤਾ ਸਿੰਘ ਉਮੈਦਪੁਰ ਅਤੇ ਸਤਵੰਤ ਕੌਰ ਦਾ ਭਰਵਾਂ ਸਵਾਗਤ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮੇਟੀ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੇ ਪੰਥ ਹਿਤੈਸ਼ੀ ਲੋਕ ਹਰ ਤਰ੍ਹਾਂ ਦੀ ਧੜੇਬੰਦੀ ਤੋਂ ਉਪਰ ਉਠ ਕੇ ਇਸ ਭਰਤੀ ਮੁਹਿੰਮ ਨਾਲ ਜੁੜਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ’ਤੇ ਪਹਿਰਾ ਦੇ ਰਹੇ ਹਨ ਬਲਕਿ ਵਿਦੇਸ਼ਾਂ ਵਿਚ ਬੈਠੇ ਪੰਥਕ ਸੋਚ ਦੇ ਧਾਰਨੀ ਲੋਕ ਵੀ ਇਸ ਮੁਹਿੰਮ ਨਾਲ ਜੁੜ ਰਹੇ ਹਨ। ਪ੍ਰੋ. ਚੰਦੂਾਮਜਰਾ ਨੇ ਕਿਹਾ ਕਿ ਖਿੱਲਰੀ ਪੰਥਕ ਸ਼ਕਤੀ ਨੂੰ ਇੱਕ ਮੰਚ ’ਤੇ ਲਿਆ ਕੇ ਹੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੀ ਧਰਤੀ ਤੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਲਹਿਰ ਬਣ ਚੁੱਕੀ ਹੈ। ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੀ ਸੁਰਜੀਤੀ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਇਸ ਮੌਕੇ ਸਿਮਰਨਜੀਤ ਚੰਦੂਮਾਜਰਾ, ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਕੋਹਲੀ, ਭੁਪਿੰਦਰ ਸੇਖੁਪਰ, ਕੁਲਦੀਪ ਹਰਪਾਲਪੁਰ, ਜਤਿੰਦਰ ਪਹਾੜੀਪੁਰ, ਕੈਪਟਨ ਖੁਸ਼ਵੰਤ ਢਿੱਲੋਂ, ਰਣਬੀਰ ਪੂਨੀਆ, ਪਲਵਿੰਦਰ ਰਿੰਕੂ,ਨਰਿੰਦਰ ਫੌਜੀ, ਪ੍ਰਕਾਸ ਆਲਮਪੁਰ, ਕੁਲਦੀਪ ਸਮਸਪੁਰ, ਅਮਰੀਕ ਲੋਚਮਾ, ਹਰਵਿੰਦਰ ਮਹਿਮੂਦਪੁਰ, ਬਿੰਦਰ ਬਹਾਦਰਗੜ੍ਹ, ਪਰਮਿੰਦਰ ਚਪੜ, ਸੁੱਚਾ ਆਲਮਪੁਰ, ਕੁਲਦੀਪ ਸਿੰਘ ਸਰਪੰਚ ਚੌਰਾ ਤੇ ਗੁਰਮੁਖ ਹਾਜ਼ਰ ਸਨ।
ਪੰਥਕ ਧਿਰਾਂ ’ਚ ਖਾਨਾਜੰਗੀ ਦਾ ਮਾਹੌਲ ਮੰਦਭਾਗਾ ਕਰਾਰ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ। ਪੰਥ ਵਿਰੋਧੀ ਤਾਕਤਾਂ ਇਸ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਵਿੱਚ ਲੱਗੀਆਂ ਹਨ ਪਰ ਉਹ ਆਪਣੀਆਂ ਚਾਲਾਂ ਵਿੱਚ ਕਾਮਯਾਬ ਨਹੀਂ ਹੋਣਗੀਆਂ। ਇਹ ਪ੍ਰਗਟਾਵਾ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿੱਚ ਵਰਕਰਾਂ ਨਾਲ ਮਿਲਣੀ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਅਤੇ ਪੰਥਕ ਸੰਸਥਾਵਾਂ ਵਿੱਚ ਖਾਨਾਜੰਗੀ ਦਾ ਮਾਹੌਲ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਕੱਟਣ ਵਾਲੇ ਲੋਕ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਫਿਕਰਮੰਦ ਹਨ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਵੱਲੋਂ ਕੀਤੀ ਜਾ ਰਹੀ ਅਕਾਲੀ ਦਲ ਨੂੰ ਮਜ਼ਬੂਤੀ ਦੇਵੇਗੀ।