ਸਰਕਾਰੀ ਸਕੂਲਾਂ ’ਚ ਦਾਖ਼ਲੇ ਵਧਾਉਣ ਲਈ ਰੈਲੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਅਪਰੈਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀੜ ਕਾਲਵਾ ਵਿੱਚ ਬੱਚਿਆਂ ਦੇ ਦਾਖ਼ਲਿਆਂ ਨੂੰ ਤਿਉਹਾਰ ਦੇ ਰੂਪ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਦਾਖ਼ਲਾ ਰੈਲੀ ਵੀ ਕੱਢੀ ਗਈ। ਰੈਲੀ ਨੂੰ ਸਕੂਲ ਪ੍ਰਿਸੀਪਲ ਗਿਆਨ ਚੰਦ ਸੈਣੀ ਤੇ ਐੱਸਐੱਮਸੀ ਮੁਖੀ ਅਸ਼ੋਕ ਕੁਮਾਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਸਕੂਲ ਦੇ ਸਾਲਾਨਾ ਨਤੀਜੇ ਐਲਾਨੇ ਗਏ। ਸਕੂਲ ਵਿਚ ਆਏ ਨਵੇਂ ਵਿਦਿਆਰਥੀਆਂ ਦਾ ਸਕੂਲ ਸਟਾਫ ਨੇ ਤਿਲਕ ਲਗਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਹਵਨ ਯੱਗ ਕਰਵਾਇਆ ਗਿਆ। ਪ੍ਰਿੰਸੀਪਲ ਗਿਆਨ ਚੰਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਾਉਣ। ਉਨਾਂ ਕਿਹਾ ਕਿ ਬੱਚਿਆਂ ਨੂੰ ਜੋ ਸਹੂਲਤਾਂ ਸਰਕਾਰੀ ਸਕੂਲਾਂ ਵਿਚ ਮਿਲਦੀਆਂ ਹਨ, ਉਹ ਪ੍ਰਾਈਵੇਟ ਸਕੂਲਾਂ ਵਿਚ ਬਹੁਤ ਘੱਟ ਮਿਲਦੀਆਂ ਹਨ । ਪ੍ਰਾਈਵੇਟ ਸਕੂਲ ਸਿਰਫ ਇਕ ਕਾਰੋਬਾਰ ਤੇ ਪੈਸਾ ਇੱਕਠਾ ਕਰਨ ਦਾ ਸਾਧਨ ਹਨ ਜਦੋਂਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਮੁਫ਼ਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਵਰਦੀਆਂ, ਕਿਤਾਬਾਂ ਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਮੌਜੂਦ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਉਜਵਲ ਭਵਿੱਖ ਲਈ ਨੇੜਲੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਾਉਣ ਲਈ ਉਤਸ਼ਾਹਿਤ ਕਰਨ। ਇਸ ਦਾ ਸਾਰਿਆਂ ਨੇ ਪੂਰਾ ਸਮਰਥਨ ਕੀਤਾ। ਇਸ ਮੌਕੇ ਸਕੂਲ ਸਟਾਫ ,ਵਿਦਿਆਰਥੀ ਤੇ ਕਈ ਪਤਵੰਤੇ ਮੌਜੂਦ ਸਨ।