ਪ੍ਰਧਾਨ ਮੰਤਰੀ ਦੇ ਯਮੁਨਾਨਗਰ ਦੌਰੇ ਦੀਆਂ ਤਿਆਰੀਆਂ
ਪੱਤਰ ਪ੍ਰੇਰਕ
ਯਮੁਨਾਨਗਰ, 5 ਅਪਰੈਲ
ਵਧੀਕ ਨਿਗਮ ਕਮਿਸ਼ਨਰ ਧੀਰਜ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਬੈਠਕ ਵਿੱਚ ਉਨ੍ਹਾਂ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਸੁੰਦਰੀਕਰਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ 14 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਨਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਦੀ ਤੀਜੀ ਯੂਨਿਟ ਦਾ ਨੀਂਹ ਪੱਥਰ ਰੱਖਣ ਲਈ ਯਮੁਨਾਨਗਰ ਆ ਰਹੇ ਹਨ। ਇਸ ਸਬੰਧ ਵਿੱਚ, ਸ਼ਹਿਰ ਨੂੰ ਸਾਫ਼ ਅਤੇ ਸੁੰਦਰਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਸ਼ਹਿਰ ਨੂੰ ਵਿਸ਼ੇਸ਼ ਤੌਰ ’ਤੇ ਸੁੰਦਰ ਬਣਾਇਆ ਜਾਣਾ ਚਾਹੀਦਾ ਹੈ, ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਅਤੇ ਹੋਰ ਸੜਕਾਂ ਨੂੰ ਸੁੰਦਰ ਬਣਾਇਆ ਜਾਵੇ, ਸੜਕ ਕਿਨਾਰੇ ਜਮ੍ਹਾਂ ਹੋਇਆ ਕੂੜਾ ਅਤੇ ਝਾੜੀਆਂ ਸਾਫ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਖਰਾਬ ਹੋਈਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਡਿਵਾਈਡਰਾਂ ਦੀ ਮੁਰੰਮਤ ਕਰਨ ਅਤੇ ਉਨ੍ਹਾਂ ਨੂੰ ਪੇਂਟ ਕਰਕੇ ਚਮਕਾਉਣ ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਤੇ ਵੀ ਕੋਈ ਬੇਸਹਾਰਾ ਜਾਨਵਰ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਤੁਰੰਤ ਫੜ ਕੇ ਅਤੇ ਗਊਸ਼ਾਲਾ ਵਿੱਚ ਭੇਜ ਦਿੱਤਾ ਜਾਵੇ ।
ਇਸ ਮੌਕੇ ਵਧੀਕ ਨਿਗਮ ਕਮਿਸ਼ਨਰ ਅਸ਼ੋਕ ਕੁਮਾਰ, ਡਿਪਟੀ ਨਿਗਮ ਕਮਿਸ਼ਨਰ ਅਰੁਣ ਭਾਰਗਵ, ਸੀਐੱਸਆਈ ਸੁਨੀਲ ਦੱਤ, ਸੀਐੱਸਆਈ ਹਰਜੀਤ ਸਿੰਘ, ਸੀਐੱਸਆਈ ਸੁਰਿੰਦਰ ਚੋਪੜਾ ਹਾਜ਼ਰ ਸਨ।