ਰਾਮ ਨੌਮੀ ਨੂੰ ਸਮਰਪਿਤ ਸ਼ੋਭਾ ਯਾਤਰਾ
ਦਵਿੰਦਰ ਸਿੰਘ
ਯਮੁਨਾਨਗਰ, 9 ਅਪਰੈਲ
ਰਾਮ ਨੌਮੀ ਦੇ ਸਬੰਧ ਵਿੱਚ ਜੈ ਸੀਆ ਰਾਮ ਗਰੁੱਪ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸਨਾਤਨ ਧਰਮ ਮੰਦਰ ਮਾਡਲ ਟਾਊਨ ਤੋਂ ਸ਼ੁਰੂ ਹੋਈ ਅਤੇ ਨਹਿਰੂ ਪਾਰਕ, ਪਿਆਰਾ ਚੌਕ, ਫੁਹਾਰਾ ਚੌਕ ਰਾਹੀਂ ਰੇਲਵੇ ਸਟੇਸ਼ਨ ਕੰਪਲੈਕਸ ਪਹੁੰਚੀ। ਇਸ ਦੌਰਾਨ ਸਾਰੇ ਸ਼ਰਧਾਲੂਆਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਸ਼ੋਭਾ ਯਾਤਰਾ ਦੀ ਕੋਆਰਡੀਨੇਟਰ ਮਲਿਕ ਰੋਜ਼ੀ ਆਨੰਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਸ੍ਰੀ ਰਾਮ ਦੀ ਕਿਰਪਾ ਨਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਵਿੱਚ ਬੱਚਿਆਂ, ਔਰਤਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਪੂਰੀ ਸ਼ਰਧਾ ਨਾਲ ਹਿੱਸਾ ਲਿਆ। ਯਾਤਰਾ ਦਾ ਸਵਾਗਤ ਬਾਜ਼ਾਰ ਦੇ ਦੁਕਾਨਦਾਰਾਂ, ਵਪਾਰੀਆਂ ਅਤੇ ਸਮਾਜਿਕ ਸੰਗਠਨਾਂ ਵੱਲੋਂ ਕੀਤਾ ਗਿਆ ਅਤੇ ਸ਼ਰਧਾਲੂਆਂ ਵਿੱਚ ਪ੍ਰਸ਼ਾਦ ਵੰਡਿਆ ਗਿਆ। ਇਹ ਯਾਤਰਾ 5 ਕਿਲੋਮੀਟਰ ਲੰਬੀ ਸੀ ਅਤੇ ਯਮੁਨਾਨਗਰ ਲਈ ਇੱਕ ਇਤਿਹਾਸਕ ਯਾਤਰਾ ਸੀ। ਸ਼ੋਭਾ ਯਾਤਰਾ ਵਿੱਚ ਸ੍ਰੀ ਰਾਮ ਦਰਬਾਰ ਖਿੱਚ ਦਾ ਕੇਂਦਰ ਰਿਹਾ।
ਸ਼ਰਧਾਲੂਆਂ ਨੇ ਦਰਬਾਰ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ। ਇਸ ਦੌਰਾਨ ਪੀਲੇ ਕੱਪੜਿਆਂ ਵਿੱਚ ਦਸਤਾਰਾਂ ਪਹਿਨੀਆਂ ਔਰਤਾਂ, ਨੌਜਵਾਨਾਂ ਦੀ ਪਦਯਾਤਰਾ, ਗਤਕਾ ਪਾਰਟੀ, ਬੈਂਡ, ਝਾਕੀਆਂ ਅਤੇ ਕੀਰਤਨ ਮੰਡਲੀਆਂ ਨੇ ਸ਼ਹਿਰ ਦੇ ਲੋਕਾਂ ਦਾ ਦਿਲ ਜਿੱਤ ਲਿਆ। ਲੋਕ ਇਨ੍ਹਾਂ ਪਲਾਂ ਨੂੰ ਆਪਣੇ ਮੋਬਾਈਲ ਫੋਨਾਂ ਵਿੱਚ ਕੈਦ ਕਰਦੇ ਵੀ ਦੇਖੇ ਗਏ।
ਸ਼ੋਭਾ ਯਾਤਰਾ ਦੌਰਾਨ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਸ਼ਹਿਰ ਦਾ ਮਾਹੌਲ ਰਾਮਮਈ ਹੋ ਗਿਆ। ਮਲਿਕ ਰੋਜ਼ੀ ਆਨੰਦ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਸਾਡੇ ਆਦਰਸ਼ ਹਨ, ਮਰਯਾਦਾ ਪੁਰਸ਼ੋਤਮ ਸ੍ਰੀ ਰਾਮ ਤੋਂ ਪ੍ਰੇਰਨਾ ਲੈ ਕੇ ਸਾਰਿਆਂ ਨੂੰ ਸਮਾਜ ਵਿੱਚ ਬਜ਼ੁਰਗਾਂ, ਮਾਵਾਂ ਅਤੇ ਭੈਣਾਂ ਨੂੰ ਸਤਿਕਾਰ ਦੇਣ ਲਈ ਕੰਮ ਕਰਨਾ ਚਾਹੀਦਾ ਹੈ। ਜੈ ਸੀਆ ਰਾਮ ਸੁਮੀਰਨ ਗਰੁੱਪ ਨੇ ਯਮੁਨਾਨਗਰ ਦੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼ਕਤੀ ਅਰੋੜਾ, ਵਿਸ਼ਾਲ ਭਾਟੀਆ, ਅਨਿਲ ਠਕਰਾਲ, ਰਾਜੀਵ ਗਰਗ, ਨਰੇਸ਼ ਢੀਂਗਰਾ, ਅਰੁਣ ਮਹਿਤਾ, ਰਿਆਜ਼, ਰੋਹਿਤ ਭਾਰਤੀ, ਦੀਪਾਲ ਸਰਕਾਰ, ਨਰਿੰਦਰ ਯਾਦਵ, ਰਿੰਕਲ ਓਬਰਾਏ, ਅਤੁਲ ਗਰੋਵਰ, ਜਤਿਨ ਅਰੋੜਾ, ਵਿਨੈ, ਜਤਿੰਦਰ ਪਰਮਾਰ, ਰੋਹਿਤ ਸ਼ਰਮਾ, ਰੋਹਿਤ ਸ਼ਰਮਾ, ਨਿੰਕਬ, ਸ਼ਹਿਨਸ਼ਾਹ, ਭਾਵਨਾ ਅਰੋੜਾ, ਸਾਵਿਤਰੀ ਛੇਤਰੀ, ਉਮਾ ਸ਼ਰਮਾ, ਗੀਤਾ ਕਪੂਰ, ਮਮਤਾ ਸੈਨ, ਰਾਣੀ ਦਸ਼ਮੇਸ਼, ਸੁਸ਼ੀਲ ਯਾਦਵ ਹਾਜ਼ਰ ਸਨ।