ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼
ਸਰਬਜੀਤ ਸਿੰਘ ਭੱਟੀ
ਅੰਬਾਲਾ, 1 ਮਈ
ਇੱਥੋਂ ਦੀ ਪੁਲੀਸ ਨੇ ਥਾਣਾ ਸ਼ਹਿਜ਼ਾਦਪੁਰ ਇਲਾਕੇ ਦੀ ਮਾਡਰਨ ਕਲੋਨੀ ਵਿਚ ਘਰ ਵਿਚ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਇਥੋਂ ਭਾਰੀ ਮਾਤਰਾ ਵਿਚ ਨਕਲੀ ਸ਼ਰਾਬ, ਸਪਿਰਟ ਅਤੇ ਸ਼ਰਾਬ ਬਣਾਉਣ ਦੇ ਉਪਕਰਨ ਬਰਾਮਦ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਉਪਰਲੀ ਧਮੋਲੀ ਦੇ ਗੁਰਪ੍ਰੀਤ ਸਿੰਘ, ਬਪੋਲੀ ਦੇ ਸੁਰਿੰਦਰ ਸਿੰਘ, ਧਨਾਨਾ ਦੇ ਸੰਦੀਪ ਅਤੇ ਗੋਬਿੰਦਪੁਰ ਦੇ ਸਚਿਨ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਆਬਕਾਰੀ ਐਕਟ ਦਾ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਮੁਲਜ਼ਮਾਂ ਨੇ ਮੁੱਢਲੀ ਪੁੱਛਹ ਪੜਤਾਲ ਦੌਰਾਨ ਦੱਸਿਆ ਕਿ ਇਹ ਫੈਕਟਰੀ ਧਨਾਨਾ ਦੇ ਬਿੱਟੂ ਦੀ ਹੈ।
ਪੁਲੀਸ ਨੇ ਮੌਕੇ ਤੋਂ 109 ਪੇਟੀ ਨਕਲੀ ਸ਼ਰਾਬ, 80 ਲਿਟਰ ਤਿਆਰ ਕੀਤੀ ਗਈ ਸ਼ਰਾਬ, 540 ਲਿਟਰ ਸਪਿਰਟ, 9600 ਖਾਲੀ ਬੋਤਲਾਂ, ਰੈਪਰ, ਟੈਂਕੀ, ਹੋਲੋਗ੍ਰਾਮ, ਕਿਊ ਆਰ ਕੋਡ ਆਦਿ ਸਾਮਾਨ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।