ਪੰਜਾਬੀ ਅਧਿਆਪਕਾਂ ਦਾ ਵਫ਼ਦ ਸਿਰਸਾ ਨੂੰ ਮਿਲਿਆ
ਪੀਪੀ ਵਰਮਾ
ਪੰਚਕੂਲਾ, 3 ਜੂਨ
ਪੰਜਾਬੀ ਅਧਿਆਪਕ ਤੇ ਭਾਸ਼ਾ ਪ੍ਰਚਾਰ-ਪ੍ਰਸਾਰ ਸੁਸਾਇਟੀ ਹਰਿਆਣਾ ਦਾ ਵਫ਼ਦ ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਦਿੱਲੀ ਦੇ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਮਿਲਿਆ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਨੀਲ ਗੋਇਲ ਨੇ ਮੰਗ ਕੀਤੀ ਕਿ ਕੌਮੀ ਸਿੱਖਿਆ ਨੀਤੀ 2020 ਦਾ ਮੁੱਖ ਬਿੰਦੂ ਤ੍ਰੈ-ਭਾਸ਼ਾਈ ਫਾਰਮੂਲਾ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਸਕੂਲ ਸਿੱਖਿਆ ਬੋਰਡ ਭਿਵਾਨੀ ਦੇ ਸਕੂਲਾਂ ਵਿੱਚ ਲਾਗੂ ਕੀਤਾ ਗਿਆ ਹੈ। ਸੀਬੀਐੱਸਈ ਅਧੀਨ ਸਕੂਲਾਂ ਵਿੱਚ ਤ੍ਰੈ-ਭਾਸ਼ਾਈ ਫਾਰਮੂਲੇ ਨੂੰ ਇਸ ਸੈਸ਼ਨ ਤੋਂ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਅਗਲੇ ਸੈਸ਼ਨ ਤੋਂ ਸੀਬੀਐੱਸਈ ਸਕੂਲਾਂ ਵਿੱਚ ਤ੍ਰੈ-ਭਾਸ਼ਾਈ ਫਾਰਮੂਲਾ ਲਾਗੂ ਕੀਤਾ ਜਾਵੇ, ਜਵਾਹਰ ਨਵੋਦਿਆ ਵਿਦਿਆਲਿਆ ਤੇ ਕੇਂਦਰੀ ਵਿਦਿਆਲਿਆ ਸੰਗਠਨ ਸਕੂਲਾਂ ਦੇ ਨਾਲ-ਨਾਲ ਹੋਰ ਕੇਂਦਰੀ ਸਕੂਲਾਂ ਵਿੱਚ ਵੀ ਪੰਜਾਬੀ ਭਾਸ਼ਾ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਸਿਰਜੀਆਂ ਜਾਣ। ਡਾ. ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਹਰਿਆਣਾ ਰਾਜ ਵਿੱਚ 2010 ਤੋਂ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਹਾਸਲ ਹੈ ਪਰ ਹੁਣ ਤੱਕ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।
ਉਨ੍ਹਾਂ ਮੰਗ ਕੀਤੀ ਕਿ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਅਤੇ ਸੂਬੇ ਦੇ ਸਕੂਲਾਂ ਵਿੱਚ ਤੀਜੀ ਜਮਾਤ ਤੋਂ ਪੰਜਾਬੀ ਭਾਸ਼ਾ ਪੜ੍ਹਾਈ ਜਾਵੇ। ਮਨਜਿੰਦਰ ਸਿਰਸਾ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸੀਬੀਐੱਸਈ ਦੇ ਚੇਅਰਮੈਨ ਨਾਲ ਗੱਲਬਾਤ ਕਰਕੇ ਉਪਰੋਕਤ ਮੰਗਾਂ ਦਾ ਹੱਲ ਜ਼ਰੂਰ ਕਰਵਾਉਣਗੇ। ਵਫ਼ਦ ਵਿੱਚ ਜਥੇਬੰਦੀ ਦੇ ਸੀਨੀਅਰ ਆਗੂ ਤਵਿੰਦਰ ਸਿੰਘ ਧਨੋਆ ਰੋਹਤਕ, ਡਾ. ਕੁਲਵਿੰਦਰ ਸਿੰਘ ਪਦਮ ਫ਼ਤਿਹਾਬਾਦ, ਮੇਹਰਬਾਨ ਸਿੰਘ ਸ਼ਾਹਬਾਦ, ਹਰਪ੍ਰੀਤ ਸਿੰਘ ਕਰਨਾਲ ਅਤੇ ਸਿੰਘ ਸਭਾ ਗੁਰਦੁਆਰਾ ਫਤਿਹਾਬਾਦ ਦੇ ਕਾਰਜਕਾਰਨੀ ਮੈਂਬਰ ਹਰਮਿੰਦਰ ਸਿੰਘ ਗਰੋਵਰ ਹਾਜ਼ਰ ਸਨ।