ਬਾਬੈਨ ਮੰਡੀ ’ਚ ਸੂਰਜਮੁਖੀ ਦੀ ਸਰਕਾਰੀ ਖਰੀਦ ਸ਼ੁਰੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਜੂਨ
ਬਾਬੈਨ ਅਨਾਜ ਮੰਡੀ ਵਿਚ ਸੂਰਜਮੁਖੀ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਇਸ ਕਾਰਨ ਸੂਰਜਮੁਖੀ ਉਤਪਾਦਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸੂਰਜਮੁਖੀ ਦੀ ਫਸਲ ਦੀ ਸਰਕਾਰੀ ਖਰੀਦ ਦਾ ਉਦਘਾਟਨ ਕਰਦੇ ਹੋਏ ਮਾਰਕੀਟ ਕਮੇਟੀ ਬਾਬੈਨ ਦੇ ਸਕੱਤਰ ਗੁਰਮੀਤ ਸਿੰਘ ਸੈਣੀ ਨੇ ਕਿਹਾ ਹੈ ਕਿ ਕਿਸਾਨਾਂ ਦੀ ਸੂਰਜਮੁਖੀ ਦੀ ਫਸਲ ਦਾ ਇਕ ਇਕ ਦਾਣਾ ਸਰਕਾਰੀ ਭਾਅ ’ਤੇ ਖਰੀਦਿਆ ਜਾਵੇਗਾ। ਉਨ੍ਹਾਂ ਹੈਫੇਡ ਦੇ ਮੈਨੇਜਰ ਕੁਲਦੀਪ ਜਾਂਗੜਾ ਤੇ ਨਾਫੇਡ ਦੇ ਸਹਾਇਕ ਮੈਨੇਜਰ ਚੰਦਰ ਮੋਹਨ ਨਾਲ ਗੱਲਬਾਤ ਕੀਤੀ ਜੋ ਸੂਰਜਮੁਖੀ ਦੀ ਸਰਕਾਰੀ ਖਰੀਦ ਕਰ ਕਰ ਰਹੇ ਹਨ। ਉਨ੍ਹਾਂ ਖਰੀਦ ਪ੍ਰਬੰਧਾਂ ਦੀ ਜਾਣਕਾਰੀ ਲਈ। ਇਸ ਮੌਕੇ ਸ੍ਰੀ ਸੈਣੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਸੂਰਜਮੁਖੀ ਦੀ ਫਸਲ ਵੇਚਣ ਲਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਏਗੀ। ਉਨ੍ਹਾਂ ਕਿਹਾ ਕਿ ਇਸ ਵਾਰ ਪਿਆਜ਼ ਦੀ ਫਸਲ ਦੀ ਆਮਦ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ ਤੇ ਇਸ ਸਾਲ ਸੂਰਜਮੁਖੀ ਦੀ ਫਸਲ ਦੀ ਆਮਦ ਵਿਚ ਹੋਰ ਵਧਣ ਦੀ ਸੰਭਾਵਨਾ ਹੈ। ਇਸ ਲਈ ਲੋੜੀਦੇਂ ਪ੍ਰਬੰਧ ਕੀਤੇ ਗਏ ਹਨ। ਹੈਫੇਡ ਦੇ ਮੈਨੇਜਰ ਕੁਲਦੀਪ ਜਾਂਗੜਾ ਨੇ ਦੱਸਿਆ ਕਿ ਮੰਡੀ ਵਿਚ ਕਿਸਾਨਾਂ ਦੀ ਸੂਰਜਮੁਖੀ ਦੀ ਫਸਲ 7280 ਰੁਪਏ ਪ੍ਰਤੀ ਕੁਇੰਟਲ ਸਰਕਾਰੀ ਭਾਅ ’ਤੇ ਵਿਕ ਰਹੀ ਹੈ ਤੇ ਹੁਣ ਨਾਫੇਡ ਨੇ ਸਰਕਾਰੀ ਰੇਟ ਤੇ ਖਰੀਦ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਮੰਡੀ ਲਿਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ ਤੇ ਸੁਕਾ ਕੇ ਲਿਆਉਣ। ਇਸ ਮੌਕੇ ਨਾਇਬ ਸਿੰਘ ਪਟਾਕ ਮਾਜਰਾ, ਕੌਸ਼ਲ ਸੈਣੀ, ਕ੍ਰਿਸ਼ਨਾ ਗੋਇਲ, ਹਰਕੇਸ਼ ਸੈਣੀ, ਸੁਖਸ਼ਿਆਮ ਧਨਾਨੀਆਂ, ਸਤਬੀਰ ਯਾਰਾ ਮੌਜੂਦ ਸਨ।