ਬਾਲ ਭਵਨ ਸਕੂਲ ਦਾ ਇਨਾਮ ਵੰਡ ਸਮਾਗਮ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਅਪਰੈਲ
ਜ਼ਿਲ੍ਹਾ ਬਾਲ ਭਲਾਈ ਅਧਿਕਾਰੀ ਗੌਰਵ ਰੋਹਿਲਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਬਾਲ ਭਲਾਈ ਪਰਿਸ਼ਦ ਕੁਰੂਕਸ਼ੇਤਰ ਵੱਲੋਂ ਪੰਚਾਇਤ ਭਵਨ ਵਿੱਚ ਬਾਲ ਭਵਨ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਸਮਾਜ ਸੇਵੀ ਤੇ ਉਦਯੋਗਪਤੀ ਜੈ ਭਗਵਾਨ ਸਿੰਗਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਜ਼ਿਲ੍ਹਾ ਬਾਲ ਭਲਾਈ ਅਫ਼ਸਰ ਗੌਰਵ ਰੋਹਿਲਾ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਵੱਖ-ਵੱਖ ਸੱਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।
ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਸ੍ਰੀ ਸਿੰਗਲਾ ਨੇ ਕਿਹਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਜੀਵਨ ਵਿਚ ਹਰ ਪਖੋਂ ਅੱਗੇ ਵਧ ਸਕਣ। ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਨਾਲ ਉਨ੍ਹਾਂ ਨੂੰ ਆਪਣੀ ਸੰਸਕ੍ਰਿਤੀ ਤੇ ਸੱਭਿਆਚਾਰ ਨੂੰ ਜਾਨਣ ਦਾ ਮੌਕਾ ਮਿਲਦਾ ਹੈ। ਮੁੱਖ ਮਹਿਮਾਨ ਨੇ ਸਾਲ ਭਰ ਹੋਈਆਂ ਵੱਖ-ਵੱਖ ਗਤੀਵਿਧੀਆਂ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਅਕਾਂਕਸ਼ਾ, ਲਾਇਨਜ਼ ਕਲੱਬ ਮੈਂਬਰ ਧੀਰਜ ਗੁਲਾਟੀ, ਡਾ. ਮਾਧਵਿਕਾ, ਡਾ. ਅਜੈ ਗੋਇਲ ਆਦਿ ਤੋਂ ਇਲਾਵਾ ਸਕੂਲ ਸਟਾਫ ਤੇ ਪਤਵੰਤੇ ਮੌਜੂਦ ਸਨ।