ਵਿਦਿਆਰਥੀਆਂ ਵੱਲੋਂ ਮਧੂ ਮੱਖੀ ਪਾਲਣ ਕੇਂਦਰ ਦਾ ਦੌਰਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਅਪਰੈਲ
ਸਥਾਨਕ ਮਾਰਕੰਡਾ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਏਕੀਕ੍ਰਿਤ ਮਧੂ ਮੱਖੀ ਪਾਲਣ ਕੇਂਦਰ ਇੰਡੋ ਇਜ਼ਰਾਇਲ ਪ੍ਰਾਜੈਕਟ ਜੀਟੀ ਰੋਡ ਰਾਮ ਨਗਰ ਸਥਿਤ ਕੇਂਦਰ ਦਾ ਦੌਰਾ ਕੀਤਾ। ਵਿਦਿਆਰਥੀਆਂ ਦੀ ਟੀਮ ਦੀ ਅਗਵਾਈ ਡਾ. ਜਵਾਹਰ ਲਾਲ, ਡਾ. ਸੁਰੇਸ਼ ਕੁਮਾਰ, ਡਾ. ਅਮਿਤ ਕੁਮਾਰ ਤੇ ਪ੍ਰੋ. ਚਾਹਤ ਨੇ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਵਿਦਿਆਰਥੀਆਂ ਤੇ ਸਟਾਫ ਨੂੰ ਦੌਰੇ ਲਈ ਰਵਾਨਾ ਕੀਤਾ। ਕੇਂਦਰ ਦੇ ਡਾਕਟਰ ਅਮਿਤ ਯਾਦਵ ਵੱਲੋਂ ਮਧੂ ਮੱਖੀ ਦੇ ਜੀਵਨ ,ਕਾਰਜ ਤੇ ਸ਼ਹਿਦ ਇੱਕਠਾ ਕਰਨ ਦੀਆਂ ਵਿਧੀਆਂ ਬਾਰੇ ਪੂਰਨ ਤੌਰ ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਮਧੂ ਮੱਖੀਆਂ ਵੱਲੋਂ ਉਤਪਨ ਕੀਤੇ ਗਏ ਕਈ ਮਹੱਤਵਪੂਰਨ ਉਤਪਾਦ ਜਿਵੇਂ ਸ਼ਹਿਦ, ਪਰਾਗਕਰਨ ,ਰਾਇਲ ਜੈਲੀ, ਮੋਮ ਆਦਿ ਬਾਰੇ ਕਈ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ। ਬਾਗਬਾਨੀ ਵਿਭਾਗ ਦੇ ਉਪ ਨਿਰਦੇਸ਼ਕ ਸਤੇਂਦਰ ਯਾਦਵ ਆਈਬੀਡੀਸੀ ਨੇ ਸਰਕਾਰ ਦੀਆਂ ਮਧੂ ਮੱਖੀ ਪਾਲਣ ਸਬੰਧੀ ਯੋਜਨਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜੋ ਕਿਸਾਨ ਆਪਣੇ ਖੇਤਾਂ ਜਾਂ ਬਾਗ ਵਿੱਚ ਮਧੂ ਮੱਖੀਆਂ ਦੀਆਂ ਪੇਟੀਆਂ ਰੱਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਰਕਾਰ ਵੱਲੋਂ ਹਨੀ ਬੀ ਹਾਈਵ ਤੇ 85 ਫ਼ੀਸਦ ਸਬਸਿਡੀ ,ਬੀ ਕਲੋਨੀ ’ਤੇ ਵੀ 85 ਫ਼ੀਸਦ ਸਬਸਿਡੀ ਤੇ ਬੀ ਕੀਪਿੰਗ ਇਕਵਪਮੈਂਟ ਤੇ 75 ਫ਼ੀਸਦ ਸਬਸਿਡੀ ਕੇਂਦਰ ਸਰਕਾਰ ਵਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਦੌਰੇ ਦੌਰਾਨ ਵਿਗਿਆਨ ਵਿਭਾਗ ਦੇ 36 ਵਿਦਿਆਰਥੀ ਤੇ ਚਾਰ ਪ੍ਰੋਫੈਸਰ ਮੌਜੂਦ ਸਨ।
ਪੁਰਸਕਾਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਮਾਰਕੰਡਾ ਨੈਸ਼ਨਲ ਕਾਲਜ ਦੇ ਕਾਮਰਸ ਵਿਭਾਗ ਦੇ ਤਿੰਨ ਵਿਦਿਆਰਥੀਆਂ ਦੀ ਟੀਮ ਨੇ ਵਿਭਾਗ ਦੇ ਮੁਖੀ ਸੁਰਿੰਦਰ ਸਿੰਘ ਕਾਜਲ ਦੀ ਅਗਵਾਈ ਹੇਠ ਆਰੀਆ ਕਾਲਜ ਪਾਨੀਪਤ ਵਿਚ ਕਾਮਰਸ ਵਿਭਾਗ ਵੱਲੋਂ ਕਰਵਾਏ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਮੌਕੇ ਗਰੁੱਪ ਨ੍ਰਿਤ, ਸੋਲੋ ਡਾਂਸ, ਪੋਸਟਰ ਬਣਾਉਣ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਐੱਮਐਨ ਕਾਲਜ ਬੀ ਕਾਮ ਦੂਜਾ ਸਾਲ ਦੀ ਵਿਦਿਆਰਥਣ ਤਮੰਨਾ ਨੇ ਅੰਗਰੇਜ਼ੀ ਦੇ ਭਾਸ਼ਣ ਵਿੱਚ ਹੌਸਲਾ ਅਫਜ਼ਾਈ ਪੁਰਸਕਾਰ ਦੇ ਨਾਲ ਨਾਲ 500 ਰੁਪਏ ਦਾ ਨਕਦ ਪੁਰਸਕਾਰ ਪ੍ਰਾਪਤ ਕੀਤਾ। ਭਵਿਆ ਨੇ ਪੋਸਟਰ ਬਣਾਉਣ ਦੇ ਮੁਕਾਬੁਲੇ ਵਿੱਚ ਨਕਦ ਪੁਰਸਕਾਰ ਜਿੱਤਿਆ। ਇਸੇ ਤਰ੍ਹਾਂ ਕੀਰਤੀ ਨੇ ਏਕਲ ਨ੍ਰਿਤ ਪੰਜਾਬੀ ਗੀਤਾਂ ਤੇ ਦਰਸ਼ਕਾਂ ਦਾ ਵਾਹ-ਵਾਹ ਲੁੱਟੀ ਤੇ ਨਕਦ ਪੁਰਸਕਾਰ ਪ੍ਰਾਪਤ ਕੀਤਾ। ਕਾਲਜ ਪੁੱਜਣ ’ਤੇ ਵਿਦਿਆਰਥਣਾਂ ਦਾ ਸਕੂਲ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਤੇ ਨਕਦ ਇਨਾਮ ਹਾਸਲ ਕਰਨ ’ਤੇ ਵਧਾਈ ਦਿੱਤੀ। ਕਾਲਜ ਪੁੱਜਣ ’ਤੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ ਤੇ ਅੱਗੋ ਵੀ ਅਜਿਹੀਆਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ।