ਨਾਟਕ ‘ਕੋਰਟ ਮਾਰਸ਼ਲ’ ਰਾਹੀਂ ਜਾਤ-ਪਾਤ ਦੇ ਵਿਤਕਰੇ ਨੂੰ ਖ਼ਤਮ ਕਰਨ ਦਾ ਸੁਨੇਹਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਅਪਰੈਲ
ਹਰਿਆਣਾ ਕਲਾ ਪਰਿਸ਼ਦ ਨੇ ਹਿੰਦੀ ਰੰਗਮੰਚ ਦਿਵਸ ਮੌਕੇ ਕਲਾ ਕੀਰਤੀ ਭਵਨ ਵਿੱਚ ਦੋ ਰੋਜ਼ਾ ਰੰਗ ਮੰਚ ਉਤਸਵ ਕਰਵਾਇਆ। ਪਹਿਲੇ ਦਿਨ ਅਭਿਨੈ ਰੰਗਮੰਚ ਹਿਸਾਰ ਦੇ ਕਲਾਕਾਰਾਂ ਵੱਲੋਂ ਨਾਟਕ ‘ਕੋਰਟ ਮਾਰਸ਼ਲ’ ਦਾ ਮੰਚਨ ਕੀਤਾ ਗਿਆ। ਨਾਟਕ ਦੌਰਾਨ ਸੀਨੀਅਰ ਰੰਗਮੰਚ ਕਲਾਕਾਰ ਬ੍ਰਿਜ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਅਸ਼ੋਕ ਰੋਸ਼ਾ ਤੇ ਹਿੰਦੂ ਸਿੱਖਿਆ ਕਮੇਟੀ ਦੇ ਉਪ ਪ੍ਰਧਾਨ ਚੇਤ ਰਾਮ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੰਚ ਸੰਚਾਲਨ ਵਿਕਾਸ ਸ਼ਰਮਾ ਨੇ ਕੀਤਾ। ਇਸ ਤੋਂ ਪਹਿਲਾਂ ਕਲਾ ਪਰਿਸ਼ਦ ਦੇ ਡਾਇਰੈਕਟਰ ਨਗੇਂਦਰ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਵਦੇਸ਼ ਦੀਪਕ ਵੱਲੋਂ ਲਿਖਿਆ ਤੇ ਮਨੀਸ਼ ਜੋਸ਼ੀ ਵੱਲੋਂ ਨਿਰਦੇਸ਼ਤ ਇਹ ਨਾਟਕ ਦਰਸਾਉਂਦਾ ਹੈ ਕਿ ਫੌਜ ਵਿਚ ਕੁਝ ਉੱਚ ਦਰਜੇ ਦੇ ਅਧਿਕਾਰੀ ਹੇਠਲੇ ਦਰਜੇ ਦੇ ਸਿਪਾਹੀਆਂ ਨਾਲ ਵਿਤਕਰਾ ਕਰਦੇ ਹਨ। ਮਗਰੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸਿਪਾਹੀ ਆਪਣੇ ਅਧਿਕਾਰੀ ਨੂੰ ਮਾਰ ਦਿੰਦਾ ਹੈ ਤੇ ਸਿਪਾਹੀ ਦਾ ਕੋਰਟ ਮਾਰਸ਼ਲ ਕੀਤਾ ਜਾਂਦਾ ਹੈ। ਅਦਾਲਤ ਵਿੱਚ ਪ੍ਰੀਜਾਈਡਿੰਗ ਅਫਸਰ ਕਰਨਲ ਸੂਰਤ ਸਿੰਘ ਦੋਵੇਂ ਧਿਰਾਂ ਦੇ ਪੱਖ ਨੂੰ ਜਾਨਣ ਦੀ ਕੋਸ਼ਿਸ ਕਰਦੇ ਹਨ ,ਜਿਸ ਵਿਚ ਕੈਪਟਨ ਵਿਕਾਸ ਰਾਏ ਸਿਪਾਹੀ ਰਾਮ ਚੰਦਰ ਵੱਲੋਂ ਕੇਸ ਲੜਦੇ ਹਨ ਤੇ ਕੈਪਟਨ ਅਜੈ ਪੁਰੀ ਅਧਿਕਾਰੀਆਂ ਵਲੋਂ ਕੇਸ ਲੜਦੇ ਹਨ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਰਾਮ ਚੰਦਰ ਨੀਵੀਂ ਜਾਤ ਨਾਲ ਸਬੰਧਤ ਸੀ। ਇਸ ਲਈ ਸੀਨੀਅਰ ਅਧਿਕਾਰੀ ਉਸ ਨੂੰ ਜਾਤੀਵਾਦੀ ਸ਼ਬਦਾਂ ਨਾਲ ਬੁਲਾਉਂਦਾ ਸੀ ਤੇ ਉਸ ਦੀ ਮਾਂ ਦੇ ਚਰਿੱਤਰ ਬਾਰੇ ਵੀ ਗੱਲਾਂ ਕਰਦਾ ਸੀ। ਇਸ ਕਾਰਨ ਰਾਮ ਚੰਦਰ ਨੇ ਗੋਲੀ ਚਲਾਈ। ਕਰਨਲ ਸੂਰਤ ਸਿੰਘ ਕੋਈ ਵੀ ਫੈਸਲਾ ਦੇਣ ਵਿਚ ਆਪਣੇ ਆਪ ਨੂੰ ਅਸਮਰਥ ਜਾਪਦਾ ਹੈ ਤੇ ਰਾਮ ਚੰਦਰ ਨੂੰ ਆਪਣੀ ਪਾਰਟੀ ਵਿਚ ਸੱਦਾ ਦਿੰਦਾ ਹੈ। ਕੈਪਟਨ ਕਪੂਰ ਵੀ ਉਸ ਪਾਰਟੀ ਵਿਚ ਸ਼ਾਮਲ ਹੁੰਦਾ ਹੈ ਪਰ ਪਾਰਟੀ ਵਿਚ ਕੈਪਟਨ ਕਪੂਰ ਨਾਲ ਕੋਈ ਵੀ ਚੰਗਾ ਸਲੂਕ ਨਹੀਂ ਕਰਦਾ । ਕੈਪਟਨ ਕਪੂਰ ਬੇਇਜ਼ਤੀ ਮਹਿਸੂਸ ਕਰਦਾ ਹੈ ਤੇ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹੈ।
ਇਸ ਤਰ੍ਹਾਂ ਇਹ ਨਾਟਕ ਊਚ ਨੀਚ ਦੇ ਵਿਤਕਰੇ ਨੂੰ ਖਤਮ ਕਰਨ ਦਾ ਇਕ ਚੰਗਾ ਸਬਕ ਦੇਣ ਵਿਚ ਸਫਲ ਰਿਹਾ। ਨਾਟਕ ਵਿਚ ਸਨੇਹਾ ਬਿਸ਼ਨੋਈ, ਅਭਿਸ਼ੇਕ, ਅਮਿਤ ਅਗਰਵਾਲ, ਵਿਕਾਸ ਮਹਿਤਾ, ਸੰਦੀਪ ਚਹਿਲ, ਲੋਕੇਸ਼ ਵਿਵੇਕ, ਰਿਤਕ ਕੱਕੜ, ਸਚਿਨ,ਗੌਰਵ ਸ਼ਰਮਾ, ਸੰਜੇ ਬਿਸ਼ਨੋਈ ,ਪਿੰਕੀ, ਸ਼ਿਵਮ, ਰਾਮ ਨਰਾਹਿਣ ਤੇ ਵਿਸ਼ਾਲ ਨੇ ਆਪਣੀ ਪ੍ਰਤਿਭਾ ਦਿਖਾਈ। ਇਸ ਮੌਕੇ ਸ਼ਿਵਕੁਮਾਰ ਕਿਰਮਚ, ਪੁਰਸ਼ੋਤਮ ਅਪਰਾਧੀ, ਕਪਿਲ ਬਤੱਰਾ, ਨੀਰਜ ਸੇਠੀ, ਚੰਦਰ ਸ਼ੇਖਰ ਸ਼ਰਮਾ, ਵਰਿੰਦਰ ਹਾਜ਼ਰ ਸਨ।