ਨਵੇਂ ਐਕਟ ਖ਼ਿਲਾਫ਼ ਸੜਕਾਂ ’ਤੇ ਉੱਤਰੇ ਬੀਜ ਤੇ ਕੀਟਨਾਸ਼ਕ ਵਿਕਰੇਤਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 11 ਅਪਰੈਲ
ਹਰਿਆਣਾ ਵਿੱਚ ਲਾਗੂ ਕੀਤੇ ਬੀਜ ਅਤੇ ਕੀਟਨਾਸ਼ਕ ਐਕਟ 2025 ਦੇ ਕਾਨੂੰਨ ਖ਼ਿਲਾਫ਼ ਚੱਲ ਰਹੇ ਰੋਹ ਮਗਰੋਂ ਇੱਥੋਂ ਦੇ ਪੈਸਟੀਸਾਈਡ ਵਿਕਰੇਤਾਵਾਂ ਨੇ ਇਸ ਐਕਟ ਦੇ ਵਿਰੋਧ ਵਿਚ 7 ਦਿਨ ਦੀ ਸੰਕੇਤਕ ਹੜਤਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅੱਜ ਕੀਟਨਾਸ਼ਕ ਅਤੇ ਬੀਜ ਵਿਕਰੇਤਾਵਾਂ ਨੇ ਆਪਣੇ ਕਾਰੋਬਾਰ ਬੰਦ ਰੱਖੇ ਅਤੇ ਇਸ ਐਕਟ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਵਧਵਾ ਤੋਂ ਇਲਾਵਾ ਵਿਰੋਧ ਵਜੋਂ ਇਕੱਠੇ ਹੋਏ ਮੁੱਖ ਅਹੁਦੇਦਾਰ ਈਸ਼ਵਰ ਤਨੇਜਾ, ਰਾਜੂ ਲਾਲੀ, ਪਵਨ ਬਾਂਸਲ, ਉਪਦੇਸ਼ ਗੋਇਲ, ਨਰਿੰਦਰ ਸੁਰਾ, ਨਰਿੰਦਰ ਚੁੱਘ, ਸੁਭਾਸ਼ ਚੰਦਰ, ਦੀਪਕ ਕੁਮਾਰ, ਬ੍ਰਿਜ ਲਾਲ, ਅਮਰ ਗੋਇਲ, ਸ਼ਾਮ ਤਨੇਜਾ ਆਦਿ ਨੇ ਦੱਸਿਆ ਕਿ ਨਵਾਂ ਐਕਟ ਅਸੰਵੇਦਨਸ਼ੀਲ ਅਤੇ ਬੀਜ ਅਤੇ ਕੀਟਨਾਸ਼ਕ ਵਿਕਰੇਤਾਵਾਂ ਖ਼ਿਲਾਫ਼ ਹੈ। ਵਿਕਰੇਤਾਵਾਂ ਦਾ ਕਹਿਣਾ ਸੀ ਕਿ ਬੀਜ ਦੀ ਪੈਦਾਵਾਰ ਮੌਸਮ, ਖੇਤੀਬਾੜੀ ਵਿਧੀਆਂ ਅਤੇ ਸਹੀ ਦੇਖ ਰੇਖ ’ਤੇ ਨਿਰਭਰ ਕਰਦੀ ਹੈ ਅਤੇ ਅਜਿਹੇ ਵਿੱਚ ਬੀਜ ਉਤਪਾਦਕਾਂ ਨੂੰ ਦੋਸ਼ੀ ਠਹਿਰਾਉਣਾ ਉਚਿਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਿਕਰੇਤਾ ਕੰਪਨੀ ਦੀ ਸੀਲ ਬੰਦ ਕੀਟਨਾਸ਼ਕ ਵੇਚਦੇ ਹਨ, ਜੇ ਉਸ ਦੇ ਸੈਂਪਲ ਗਲਤ ਆਉਂਦੇ ਹਨ ਤਾਂ ਉਸ ਦੀ ਜ਼ਿੰਮੇਵਾਰੀ ਕੰਪਨੀ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਦੁਕਾਨਦਾਰ ਸੀਲ ਖੋਲ੍ਹ ਕੇ ਦਵਾਈ ਦਿੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਬਣਦੀ ਹੈ। ਰਾਜੂ ਲਾਲੀ ਅਤੇ ਈਸ਼ਵਰ ਤਨੇਜਾ ਨੇ ਦੱਸਿਆ ਕਿ ਸਰਕਾਰ ਨੇ ਬੀਜ ਨਕਲੀ ਮਿਲਣ ’ਤੇ ਡੀਲਰ ਨੂੰ ਵੀ ਜੇਲ੍ਹ ਭੇਜਣ ਦਾ ਕਾਨੂੰਨ ਬਣਾਇਆ ਹੈ ਇਹ ਗਲਤ ਹੈ, ਜੇ ਡੀਲਰ ਜੇਲ੍ਹ ਚਲਾ ਜਾਵੇਗਾ ਤਾਂ ਸਾਡੀ ਦੁਕਾਨਦਾਰੀ ਠੱਪ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਡੀਲਰ ਦਾ ਕੰਮ ਤਾਂ ਬੀਜ ਅਤੇ ਕੀਟਨਾਸ਼ਕ ਵੇਚਣ ਦਾ ਹੈ। ਸਰਕਾਰ ਨੇ ਬੀਜ ਅਤੇ ਪੈਸਟੀਸਾਈਡ ਵਾਲਿਆਂ ਲਈ ਜੋ ਕਾਨੂੰਨ ਬਣਾਇਆ ਹੈ ਉਹ ਸਰਾਸਰ ਗਲਤ ਹੈ। ਪ੍ਰਧਾਨ ਨੇ ਦੱਸਿਆ ਕਿ ਕੱਲ੍ਹ ਕੁਰੂਕਸ਼ੇਤਰ ਵਿੱਚ ਪੂਰੇ ਸੂਬੇ ਦੇ ਕੀਟਨਾਸ਼ਕਾਂ ਦੇ ਪ੍ਰਤੀਨਿਧੀਆਂ ਦੀ ਹੋਈ ਅਹਿਮ ਮੀਟਿੰਗ ਤੋਂ ਬਾਅਦ ਲਏ ਗਏ ਫੈਸਲੇ ਨਾਲ ਹੀ ਰਤੀਆ ਦੀ ਕੀਟਨਾਸ਼ਕ ਐਸੋਸੀਏਸ਼ਨ ਦੇ ਸਾਰੇ ਵਿਕਰੇਤਾਵਾਂ ਨੇ ਅਗਲੇ 7 ਦਿਨ ਲਈ ਆਪਣੀਆਂ ਦੁਕਾਨਾਂ ਨੂੰ ਵਿਰੋਧ ਵਜੋਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ।