ਪ੍ਰਧਾਨ ਮੰਤਰੀ ਦੀ ਰੈਲੀ ਦੇ ਮੱਦੇਨਜ਼ਰ ਯੁਮਾਨਨਗਰ ਸ਼ਹਿਰ ਦੀ ਕਾਇਆ-ਕਲਪ
ਦਵਿੰਦਰ ਸਿੰਘ
ਯਮੁਨਾਨਗਰ, 11 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 14 ਅਪਰੈਲ ਦੀ ਰੈਲੀ ਲਈ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਨਗਰ ਨਿਗਮ ਵੱਲੋਂ ਟਵਿਨ ਸਿਟੀ ਨੂੰ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ । ਯਮੁਨਾਨਗਰ-ਜਗਾਧਾਰੀ ਦੇ ਹਰ ਚੌਕ, ਸੜਕ ਅਤੇ ਡਿਵਾਈਡਰ ਨੂੰ ਤਿਰੰਗੇ ਰੰਗ ਦੇ ਸਕਾਰਫ਼ਾਂ ਨਾਲ ਸਜਾਇਆ ਗਿਆ ਹੈ ਅਤੇ ਹਰ ਚੌਕ ’ਤੇ ਤਿਰੰਗੇ ਰੰਗ ਦੇ ਸਵਾਗਤੀ ਗੇਟ ਬਣਾਏ ਗਏ ਹਨ । ਰਾਤ ਨੂੰ ਵੀ ਟਵਿਨ ਸਿਟੀ ਦੀਆਂ ਸੜਕਾਂ ਤਿਰੰਗੀ ਲਾਈਟਾਂ ਨਾਲ ਜਗਮਗਾ ਰਹੀਆਂ ਹਨ । ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੇ ਨਿਰਦੇਸ਼ਾਂ ’ਤੇ, ਨਿਗਮ ਅਧਿਕਾਰੀ ਅਤੇ ਕਰਮਚਾਰੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਨਿਗਮ ਕਮਿਸ਼ਨਰ ਖੁਦ ਫੀਲਡ ਵਿੱਚ ਰਹਿ ਰਹੇ ਹਨ ਅਤੇ ਹਰ ਗਤੀਵਿਧੀ ਦੀ ਨਿਗਰਾਨੀ ਕਰ ਰਹੇ ਹਨ। ਸ਼ਹਿਰ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਡਿਵਾਈਡਰਾਂ, ਖੰਭਿਆਂ ਅਤੇ ਸੜਕ ਕਿਨਾਰੇ ਦੀਆਂ ਕੰਧਾਂ ਨੂੰ ਪੇਂਟ ਕਰਕੇ ਸੁੰਦਰ ਬਣਾਇਆ ਗਿਆ ਹੈ। ਵਿਸ਼ੇਸ਼ ਮੁਹਿੰਮਾਂ ਚਲਾ ਕੇ ਸੜਕਾਂ ਨੂੰ ਕਬਜ਼ੇ ਮੁਕਤ ਕੀਤਾ ਜਾ ਰਿਹਾ ਹੈ, ਸ਼ਹਿਰ ਨੂੰ ਲਾਵਾਰਸ ਪਸ਼ੂ ਮੁਕਤ ਅਤੇ ਕੂੜਾ ਮੁਕਤ ਕੀਤਾ ਜਾ ਰਿਹਾ ਹੈ। ਹਰ ਸ਼ਹਿਰ ਵਾਸੀ ਨਿਗਮ ਦੇ ਇਸ ਕਾਰਜ ਦੀ ਪ੍ਰਸ਼ੰਸਾ ਕਰ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਨੇ ਸ਼ਹਿਰ ਵਾਸੀਆਂ ਨੂੰ ਵੀ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਗਮ ਦੀਆਂ ਟੀਮਾਂ ਹਰ ਰੋਜ਼ ਅੰਬਾਲਾ ਰੋਡ, ਜਗਾਧਰੀ ਪਾਉਂਟਾ ਸਾਹਿਬ ਰੋਡ, ਰੇਲਵੇ ਰੋਡ, ਯਮੁਨਾਨਗਰ-ਜਗਾਧਰੀ ਰੋਡ, ਗੋਵਿੰਦਪੁਰੀ ਰੋਡ, ਵਰਕਸ਼ਾਪ ਰੋਡ, ਸਹਾਰਨਪੁਰ ਰੋਡ, ਰਾਦੌਰ ਰੋਡ ਅਤੇ ਹੋਰ ਸੜਕਾਂ ਦੇ ਪਾਸਿਆਂ ਦੀ ਸਫਾਈ ਵਿੱਚ ਲੱਗੀਆਂ ਹੋਈਆਂ ਹਨ। ਰੁੱਖਾਂ ਨੂੰ ਛਾਂਟ ਕੇ ਅਤੇ ਪੇਂਟ ਕਰਕੇ ਸੁੰਦਰ ਦਿੱਖ ਦਿੱਤੀ ਗਈ ਹੈ। ਰਾਤ ਨੂੰ ਵੀ, ਹਰ ਸੜਕ ਸਟਰੀਟ ਲਾਈਟਾਂ, ਸਜਾਵਟੀ ਲਾਈਟਾਂ, ਤਿਰੰਗਾਂ ਲਾਈਟਾਂ ਅਤੇ ਯੂਨੀਪੋਲ ਐਕ੍ਰੀਲਿਕ ਲਾਈਟ ਬੋਰਡਾਂ ਨਾਲ ਜਗਮਗਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ’ਤੇ ਸਵਾਗਤੀ ਬੈਨਰ ਅਤੇ ਬੋਰਡ ਲਗਾਏ ਗਏ ਹਨ ।
ਦਸ ਦਿਨਾਂ ਵਿੱਚ 60 ਲਾਵਾਰਸ ਪਸ਼ੂ ਫੜ ਕੇ ਗਊਸ਼ਾਲਾਵਾਂ ’ਚ ਭੇਜੇ
ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਨੇ ਕਿਹਾ ਕਿ ਸ਼ਹਿਰ ਵਿੱਚੋਂ ਪਿਛਲੇ ਦਸ ਦਿਨਾਂ ਵਿੱਚ, 60 ਲਾਵਾਰਸ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਲਿਜਾਇਆ ਗਿਆ ਹੈ । ਨਿਗਮ ਦੇ ਦੋਵੇਂ ਜ਼ੋਨਾਂ ਵਿੱਚ ਸੀਐੱਸਆਈ ਹਰਜੀਤ ਸਿੰਘ ਅਤੇ ਸੀਐੱਸਆਈ ਸੁਨੀਲ ਦੱਤ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ ਹਨ ਅਤੇ ਰੋਜ਼ਾਨਾ ਲਾਵਾਰਸ ਪਸ਼ੂ ਫੜੇ ਜਾ ਰਹੇ ਹਨ। ਇਸ ਤੋਂ ਇਲਾਵਾ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸਾਲ ਵਿੱਚ ਇੱਕ ਵਾਰੀ ਯਮੁਨਾਨਗਰ-ਜਗਾਧਰੀ ਫੇਰੀ ਜ਼ਰੂਰ ਮਾਰ ਜਾਇਆ ਕਰਨ।