ਕੂੜੇ ਦੇ ਢੇਰ ਪੰਜ ਸਾਲਾਂ ’ਚ ਡਾਇਨਾਸੋਰ ਵਾਂਗ ਗਾਇਬ ਹੋ ਜਾਣਗੇ: ਸਿਰਸਾ
ਨਵੀਂ ਦਿੱਲੀ, 17 ਅਪਰੈਲ
ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਸਰਕਾਰ ਸ਼ਹਿਰ ਵਿੱਚ ਕੂੜੇ ਦੀ ਸੰਭਾਲ ਲਈ ਤੇਜ਼ੀ ਲਿਆਉਣ ਲਈ ਇੱਕ ਵੱਖਰੀ ਏਜੰਸੀ ਨਾਲ ਕਰਾਰ ਕਰਨ ਦੀ ਸੰਭਾਵਨਾ ਲੱਭ ਰਹੀ ਹੈ।ਉਨ੍ਹਾਂ ਅੱਜ ਗਾਜ਼ੀਪੁਰ ਵਿੱਚ ਲੈਂਡਫਿਲ ਖੇਤਰ ਦਾ ਦੌਰਾ ਕੀਤਾ ਅਤੇ ਸੁਧਾਰ ਕਾਰਜਾਂ ਦਾ ਜਾਇਜ਼ਾ ਲਿਆਸ। ਇਸ ਮੌਕੇ ਸਿਰਸਾ ਨੇ ਕਿਹਾ ਕਿ ਸ਼ਹਿਰ ਦੇ ਕੂੜੇ ਦੇ ਢੇਰ ਅਗਲੇ ਪੰਜ ਸਾਲਾਂ ਵਿੱਚ ਡਾਇਨਾਸੋਰ ਵਾਂਗ ਗਾਇਬ ਹੋ ਜਾਣਗੇ।
ਉਨ੍ਹਾਂ ਆਖਿਆ ਕਿ ਸਰਕਾਰ ਪੁਰਾਣੇ ਕਚਰੇ ਨੂੰ ਸਾਫ਼ ਕਰਨ ਅਤੇ ਸ਼ਹਿਰ ਨੂੰ ਪਹਾੜਾਂ ਵਾਂਗ ਜਮ੍ਹਾਂ ਹੋ ਗਏ ਕੂੜੇ ਦੇ ਵਿਸ਼ਾਲ ਢੇਰ ਤੋਂ ਮੁਕਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ। ਵਾਤਾਵਰਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਿੱਲੀ ਦੀ ਜਨਤਾ ਨੂੰ ਭਰੋਸਾ ਦਿੱਤਾ ਕਿ ਰਾਜਧਾਨੀ ਵਿੱਚ ਕੂੜੇ ਦੇ ਪਹਾੜ ਡਾਇਨਾਸੋਰ ਵਾਂਗ ਗਾਇਬ ਹੋ ਜਾਣਗੇ। ਮੰਤਰੀ ਨੇ ਕਿਹਾ ਕਿ ਗਾਜ਼ੀਪੁਰ ਸਾਈਟ ’ਤੇ ਜਮ੍ਹਾਂ 70 ਲੱਖ ਟਨ ਕਚਰੇ ਵਿੱਚੋਂ 14-15 ਲੱਖ ਟਨ ਦਾ ਨਿਬੇੜਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਸੁਧਾਰ ਕਾਰਜਾਂ ਦੀ ਗਤੀ ਵੱਧ ਗਈ ਹੈ ਅਤੇ ਅਗਲੇ ਛੇ ਮਹੀਨਿਆਂ ਵਿੱਚ ਰੋਜ਼ਾਨਾ ਲਗਪਪ ਸੱਤ ਤੋਂ ਅੱਠ ਹਜ਼ਾਰ ਟਨ ਕੂੜੇ ਨੂੰ ਚੁੱਕਿਆ ਜਾ ਰਿਹਾ ਹੈ। ਸਿਰਸਾ ਨੇ ਕਿਹਾ ਕਿ ਉਨ੍ਹਾ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਅਧਿਕਾਰੀਆਂ ਨੂੰ ਭਰੋਸਾ ਦੇਣ ਦਾ ਹੁਕਮ ਦਿੱਤਾ ਹੈ ਕਿ ਨਵਾਂ ਠੇਕੇਦਾਰ ਅਗਲੇ ਚਾਰ ਤੋਂ ਪੰਜ ਮਹੀਨਿਆਂ ਵਿੱਚ ਰੋਜ਼ਾਨਾ ਘੱਟ ਤੋਂ ਘੱਟ ਅੱਠ ਹਜ਼ਾਰ ਮੀਟਰਿਕ ਟਨ ਕੂੜੇ ਦਾ ਨਿਪਟਾਰਾ ਕਰੇ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਹਾ ਕਿ ਜੇ ਨਵਾਂ ਠੇਕੇਕਾਰ ਆਪਣਾ ਟੀਚਾ ਪੂਰਾ ਕਰਨ ਵਿੱਚ ਅਸਫ਼ਲ ਰਿਹਾ ਤਾਂ ਉਸ ’ਤੇ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਤੇਜ਼ੀ ਲਿਆਉਣ ਸਬੰਧੀ ਸਰਕਾਰ ਇੱਕ ਹੋਰ ਏਜੰਸੀ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਾਰੇ ਕਾਰਜ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਸਾਰੀਆਂ ਥਾਵਾਂ ਨੂੰ ਹਰਿਆਵਲ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। -ਪੀਟੀਆਈ